ਮੋਗਾ, 19 ਜਨਵਰੀ ( ਵਿਕਾਸ ਮਠਾੜੂ) -ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਐਨ.ਐਸ.ਆਈ.ਸੀ-ਟੈਕਨੀਕਲ ਸਰਵਿਸਿਜ਼ ਸੈਂਟਰ ਅਤੇ ਨਾਬਾਰਡ ਦੁਆਰਾ ਸਪਾਂਸਰ 30 ਸਿਖਿਆਰਥੀਆਂ ਨੂੰ ਕੰਪਿਊਟਰਾਈਜ਼ਡ ਅਕਾਊਂਟਿੰਗ ਦਾ 35 ਦਿਨਾਂ ਦਾ ਕੋਰਸ ਬਿਲਕੁਲ ਮੁਫ਼ਤ ਕਰਵਾਉਣ ਲਈ ਰੋਜ਼ਗਾਰ ਬਿਊਰੋ ਮੋਗਾ ਵਿਖੇ ਇੱਕ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ 13 ਜਨਵਰੀ ਨੂੰ ਕੀਤਾ ਗਿਆ ਸੀ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਕੋਰਸ ਮਿਤੀ 18 ਜਨਵਰੀ 2023 ਤੋਂ ਸ਼ੁਰੂ ਹੋ ਚੁੱਕਾ ਹੈ ਅਤੇ 30 ਸਿਖਿਆਰਥੀ ਆਪਣੀਆਂ ਕਲਾਸਾਂ ਐਸ.ਐਫ.ਸੀ. ਇੰਟਰਨੈਸ਼ਨਲ ਸੈਂਟਰ ਵਿੱਚ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਹਿਰ ਸਟਾਫ਼ ਤੋਂ ਮੁਫ਼ਤ ਕਲਾਸਾਂ ਦੇ ਨਾਲ ਨਾਲ ਬੱਚਿਆਂ ਨੂੰ ਹਰ ਰੋਜ਼ ਖਾਣਾ ਵੀ ਮੁਫ਼ਤ ਵਿੱਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਕੋਰਸ ਨੂੰ ਪੂਰਾ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਸਰਕਾਰੀ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਰੋਜ਼ਗਾਰ/ਸਵੈ-ਰੁਜ਼ਗਾਰ ਲਈ ਉਮੀਦਵਾਰ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਵੇਗੀ।
ਇਨ੍ਹਾਂ ਕੋਚਿੰਗ ਕਲਾਸਾਂ ਦੇ ਉਦਘਾਟਨ ਵਾਲੇ ਦਿਨ ਜ਼ਿਲ੍ਹਾ ਮੋਗਾ ਦੇ ਇੰਡਸਟਰੀਅਲ ਫੋਕਲ ਪੁਆਇੰਟ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ, ਜਨਰਲ ਸਕੱਤਰ ਤੋਂ ਇਲਾਵਾ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਸੁਖਮਿੰਦਰ ਸਿੰਘ ਰੇਖੀ, ਏ.ਜੀ.ਐਮ. ਨਾਬਾਰਡ ਰਸ਼ੀਦ ਲੇਖੀ, ਸੀਨੀਅਰ ਜੀ.ਐਮ. ਐਨ.ਐਸ.ਆਈ.ਸੀ. ਰਾਜਪੁਰਾ ਰਜੇਸ਼ ਜੈਨ, ਜੋਗਿੰਦਰ ਸਿੰਘ, ਪੀ.ਪੀ. ਸਿੰਘ ਵਿਕਾਸ ਅਫ਼ਸਰ ਐਨ.ਐਸ.ਆਈ.ਸੀ. ਰਾਜਪੁਰਾ ਆਦਿ ਨੇ ਸ਼ਮੂਲੀਅਤ ਕਰਕੇ ਸਿਖਿਆਰਥੀਆਂ ਨੂੰ ਵਧੀਆ ਤਰੀਕੇ ਨਾਲ ਟ੍ਰੇਨਿੰਗ ਲੈ ਕੇ ਵਧੀਆ ਕਰਮਚਾਰੀ ਬਣਨ ਲਈ ਪ੍ਰੇਰਿਤ ਕੀਤਾ।