ਮੋਗਾ, 19 ਜਨਵਰੀ ( ਅਸ਼ਵਨੀ, ਮਠਾੜੂ) -ਅੱਜ ਕੱਲ੍ਹ ਦੇ ਸਮੇਂ ਦੌਰਾਨ ਸਮਾਜ ਦੇ ਮਾੜੇ ਅਨਸਰਾਂ ਦੁਆਰਾ ਲੋਕਾਂ ਨਾਲ ਧੋਖਾਧੜੀ ਕਰਨ ਦੇ ਤਰੀਕੇ ਵੀ ਆਧੁਨਿਕ ਅਤੇ ਤੇਜ਼ ਹੁੰਦੇ ਜਾ ਰਹੇ ਹਨ, ਜਿਨ੍ਹਾਂ ਨੂੰ ਫੜਣ ਅਤੇ ਸਜ਼ਾ ਦੁਵਾਉਣ ਲਈ ਪੁਲਿਸ ਨੂੰ ਵੀ ਸਮੇਂ-ਸਮੇਂ ਸਿਰ ਟ੍ਰੇਨਿੰਗ ਦਿਤੀ ਜਾ ਰਹੀ ਹੈ। ਸੀਨੀਅਰ ਕਪਤਾਨ ਪੁਲਿਸ ਮੋਗਾ ਗੁਲਨੀਤ ਸਿੰਘ ਖੁਰਾਨਾ ਨੇ ਨਵੇਕਲੀ ਕੋਸ਼ਿਸ਼ ਕਰਦਿਆਂ ਮੋਗਾ ਪੁਲਿਸ ਦੇ ਸਮੂਹ ਤਫ਼ਤੀਸ਼ੀ ਅਫ਼ਸਰਾਂ ਲਈ ਇੱਕ ਦਿਨ ਦੀ ਵਿਸ਼ੇਸ਼ ਟ੍ਰੇਨਿੰਗ ਆਯੋਜਿਤ ਕਰਵਾਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਵਿਸ਼ੇਸ਼ ਤੌਰ ਤੇ ਬੌਧਿਕ ਸੰਪਤੀ ਅਧਿਕਾਰ ਦੇ ਮਾਹਿਰ ਸ੍ਰੀਮਤੀ ਮੇਧਾ ਅਵਸਥੀ ਦੁਆਰਾ ਹਾਜ਼ਰੀਨ ਨੂੰ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੁਆਰਾ ਜਰੂਰੀ ਜਾਣਕਾਰੀ ਦੇ ਨਾਲ ਨਾਲ, ਇੰਨਵੈਸਟੀਗੇਸ਼ਨ ਕਰਨ ਦੇ ਵਿਸ਼ੇਸ਼ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ।ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਇਸ ਟ੍ਰੇਨਿੰਗ ਦੌਰਾਨ ਕਿਸੇ ਵਿਸ਼ੇਸ਼ ਕੰਪਨੀ ਜਾਂ ਬਿਜਨਸ ਵੱਲੋ ਆਪਣੇ ਦੁਆਰਾ ਬਣਾਈ ਗਈ ਵਸਤੂ ਅਤੇ ਸੇਵਾ ਸਬੰਧੀ ਸੁਰੱਖਿਅਤ ਕੀਤੇ ਗਏ ਕਾਪੀਰਾਈਟਸ, ਟ੍ਰੇਡਮਾਰਕ ਅਤੇ ਟ੍ਰੇਡ ਡਰੈੱਸ ਦੀ ਨਕਲ ਕਰਕੇ ਬਜ਼ਾਰ ਵਿਚ ਉਸਨੂੰ ਨੁਕਸਾਨ ਪਹੁੰਚਾਣ ਦੀ ਸ਼ਿਕਾਇਤ ‘ਤੇ ਕਿਸ ਪ੍ਰਕਾਰ ਇੰਨਵੈਸਟੀਗੇਸ਼ਨ ਕੀਤੀ ਜਾਣੀ ਹੈ ਅਤੇ ਉਲੰਘਣਾ ਕਰਨ ਵਾਲੇ ਖਿਲਾਫ਼ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਵਿਸਥਾਰਪੂਰਵਕ ਦੱਸਿਆ ਗਿਆ। ਪੁਲਿਸ ਅਧਿਕਾਰੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਮੈਂਬਰਾਂ ਨੂੰ ਅਪਰਾਧ ਦੇ ਕਿਸੇ ਵੀ ਸਥਾਨ ‘ਤੇ ਜਾਣ ਵੇਲੇ ਅਪਣਾਏ ਜਾਣ ਵਾਲੇ ਕਦਮਾਂ ਦੇ ਨਾਲ ਅਮਲੀ ਐਕਸਪੋਜ਼ਰ ਅਤੇ ਅਨੁਭਵ ਪ੍ਰਦਾਨ ਕਰਨ ਦੀ ਵਿਧੀ ਬਾਰੇ ਦੱਸਿਆ ਗਿਆ। ਇਸ ਵਿਚ ਅਪਰਾਧ ਦ੍ਰਿਸ਼ ਸੁਰੱਖਿਆ ਅਤੇ ਪ੍ਰਬੰਧਨ, ਕ੍ਰਾਈਮ ਸੀਨ ਇਨਵੈਸਟੀਗੇਸ਼ਨ ਦੇ ਸੱਤ ਕਦਮ, ਭੌਤਿਕ ਸਬੂਤ ਇਕੱਠੇ ਕਰਨਾ ਅਤੇ ਸੰਭਾਲਣਾ, ਜੀਵ-ਵਿਗਿਆਨਕ ਸਬੂਤਾਂ ਦਾ ਸੰਗ੍ਰਹਿ ਅਤੇ ਸੰਭਾਲ, ਰਸਾਇਣਕ ਸਬੂਤਾਂ ਦਾ ਸੰਗ੍ਰਹਿ ਅਤੇ ਸੰਭਾਲ, ਕਸਟਡੀ ਦੀ ਲੜੀ ਵਿਚ ਪੈਕੇਜਿੰਗ ਨੂੰ ਅੱਗੇ ਭੇਜਣਾ ਅਤੇ ਕਾਨੂੰਨੀ ਪਰਿਪੇਖ ਲਈ ਅਦਾਲਤ ਵਿੱਚ ਮੁੱਦੇ ਅਤੇ ਚੁਣੌਤੀਆਂ ਨਾਲ ਨਜਿੱਠਨ ਲਈ ਵਿਸ਼ੇਸ਼ ਸਿਖਲਾਈ ਦਿਤੀ ਗਈ।