ਪੰਜਾਬ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਕੁਝ ਅਹਿਮ ਮੁੱਦਿਆਂ ਤੇ 14 ਜਨਵਰੀ ਨੂੰ ਆਪਣੀ ਸੰਪਾਦਕੀ ਵਿਚ ਪੁਲਿਸ ਵਿਭਾਗ ਅੰਦਰ ਹੇਠਲੇ ਲੈਵਲ ਤੱਕ ਫੈਲੇ ਹੋਏ ਭ੍ਰਿਸ਼ਟਾਚਾਰ ਦੇ ਕੀ ਕਾਰਨ ਹਨ, ਸੰਬੰਧੀ ਜਿਕਰ ਕੀਤਾ ਸੀ। ਜਿਸ ਵਿਚ ਪੁਲਿਸ ਵਿਭਾਗ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਹੇਠਲੇ ਪੱਧਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੇਸ਼ ਆਉਣ ਵਾਲੀਆਂ ਗੰਭੀਰ ਮੁਸ਼ਿਕਲਾਂ ਬਾਰੇ ਚਰਚਾ ਕੀਤੀ ਸੀ। ਜੋ ਕਿ ਭ੍ਰਿਸ਼ਟਾਚਾਰ ਦਾ ਮੁੱਖ ਕਾਰਨ ਬਣਦੀਆਂ ਹਨ। ਉਸ ਸੰਪਾਦਕੀ ਤੋਂ ਬਾਅਦ ਮੈਨੂੰ ਅਨੇਕਾ ਪੁਲਿਸ ਅਧਿਕਾਰੀਆਂ/ ਕਰਮਚਾਰੀਆਂ ਦੇ ਫੋਨ ਆਏ। ਜਿਥੇ ਉਨ੍ਹਾਂ ਨੇ ਮੇਰੇ ਵਲੋਂ ਉਨ੍ਹਾਂ ਦੀਆਂ ਮੁਸ਼ਿਕਲਾਂ ਨੂੰ ਸਹੀ ਢੰਗ ਨਾਲ ਉਭਾਰਨ ਅਤੇ ਉਨ੍ਹਾਂ ਦੇ ਹਲ ਲਈ ਦਿਤੇ ਗਏ ਸੁਝਾਵਾਂ ਲਈ ਧਨਵਾਦ ਕੀਤਾ ਉਥੇ ਕੁਝ ਸਾਥੀਆਂ ਵਲੋਂ ਕਈ ਹੋਰ ਮਸਲੇ ਵੀ ਸਾਹਮਣੇ ਲਿਆਂਦੇ ਜੋ ਕਿ ਇਕ ਕਰਮਚਾਰੀ ਨੂੰ ਰਿਸ਼ਵਤ ਲੈਣ ਲਈ ਮਜਬੂਰ ਕਰਨ ਵਾਲੇ ਹਨ ਅਤੇ ਉਨ੍ਹਾਂ ਵਲੋਂ ਉਹ ਵੀ ਸਰਕਾਰ ਅਤੇ ਪੁਲਿਸ ਵਿਭਾਗ ਦੇ ਧਿਆਨ ਵਿਚ ਲਿਆਉਣ ਲਈ ਕਿਹਾ। ਉਨ੍ਹਾਂ ਵਿਚੋਂ ਇਕ ਮਸਲਾ ਮੈਂ ਜੋ ਕਿ ਮੇਰੇ ਇਕ ਸਾਥੀ ਪੁਲਿਸ ਕਰਮਚਾਰੀ ਵਲੋਂ ਭੇਜਿਆ ਗਿਆ ਹੈ ਉਸਨੂੰ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਸਰਕਾਰ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਇਸਨੂੰ ਗੰਭੀਰਤਾ ਨਾਲ ਲੈਣਗੇ ਅਤੇ ਉਸਦੇ ਹਲ ਲਈ ਯੋਗ ਕਦਮ ਉਠਾਉਣਗੇ ਤਾਂ ਜੋ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਲਈ ਚੱਲ ਰਹੀ ਮੁਹਿੰਮ ਨੂੰ ਹੋਰ ਹੁਲਾਰਾ ਦਿਤਾ ਜਾ ਸਕੇ। ਇਕ ਸਾਥੀ ਪੁਲਿਸ ਕਰਮਚਾਰੀ ਵਲੋਂ ਭੇਜੇ ਗਏ ਇਕ ਮੈਸੇਜ ਵਿਚ ਪੁਲਿਸ ਨੂੰ ਕਿਸ ਤਰ੍ਹਾਂ ਦੇ ਫਾਲਤੂ ਪੰਗਿਆਂ ਨਾਲ ਜੂਝਣਾ ਪੈਂਦਾ ਹੈ ਦਾ ਜਿਕਰ ਕੀਤਾ ਗਿਆ। ਉਸ ਬਾਰੇ ਲਿਖਿਆ ਗਿਆ ਹੈ ਕਿ ਗੱਡੀ ਕਿਸੇ ਨੀ ਖਰੀਦੀ, ਲੋਨ ਬੈਂਕ ਨੇ ਦਿੱਤਾ, ਕਿਸ਼ਤਾਂ ਅਦਾ ਨਾਂ ਕਰਨ ਕਰਕੇ ਗੱਡੀ ਬੈਂਕ ਨੇ ਰਿਕਵਰ ਕਰਲੀ, ਗੱਡੀ ਵਾਲੇ ਨੇ ਬੈਂਕ ਦੇ ਖਿਲਾਫ਼ ਚੰਡੀਗੜ੍ਹ ਹਾਈਕੋਰਟ ਰਿੱਟ ਪਾਤੀ, ਰਿੱਟ ਦਾ ਜਵਾਬ ਪੁਲਿਸ ਦਾ ਥਾਣੇਦਾਰ ਬਣਾਕੇ ਦੇਵੇ, ਪਹਿਲਾਂ ਪੁਲਿਸ ਗੱਡੀ ਦੇ ਮਾਲਕ ਨੂੰ ਲੱਭਦੀ ਐ, ਮਾਲਕ ਦਾ ਅਡਰੈੱਸ ਸਹੀ ਨੀ ਲਿਖਾਇਆ ਹੁੰਦਾ, ਥਾਣੇਦਾਰ ਸ਼ਹਿਰਾਂ ਦੀਆਂ ਗਲੀਆਂ ਚ ਗੱਡੀ ਦੇ ਮਾਲਕ ਨੂੰ ਲੱਭਦਾ ਫਿਰਦਾ ਰਹਿੰਦੇ, ਫਿਰ ਪੁਲਿਸ ਬੈਂਕ ਜਾਂਦੀ ਐ, ਫਿਰ ਰਿੱਟ ਦਾ ਜਵਾਬ ਬਣਾਉਂਦੀ ਐ, ਜੀਹਦੇ ਉੱਪਰ 3,000 ਤੋਂ 5,000 ਰੁਪਏ ਤੱਕ ਦਾ ਖਰਚਾ ਆ ਜਾਂਦੈ ਜਿਹੜਾ ਆਪਣੀ ਜੇਬ ਵਿੱਚੋਂ ਕਰਨਾ ਹੁੰਦੈ, ਰਿੱਟ ਦਾ ਜਵਾਬ ਤਿਆਰ ਕਰਾਕੇ ਹਾਈਕੋਰਟ ਚੰਡੀਗੜ੍ਹ ਜਾਣਾ ਪੈਂਦੈ, ਇਹੋ ਜਿਹੇ 2/3 ਜਵਾਬ ਹਰ ਮਹੀਨੇ ਇੱਕ ਥਾਣੇਦਾਰ ਦੇ ਹਿੱਸੇ ਆ ਜਾਂਦੇ ਹਨ। ‘ਆਮ ਪਬਲਿਕ’ ਜਿੰਨਾਂ ਦੀਆਂ ਥਾਣੇ ਵਿੱਚ ਸ਼ਿਕਾਇਤਾਂ ਹੁੰਦੀਆਂ ਨੇ ਉਹ ਵਿਚਾਰੇ ਥਾਣੇਦਾਰ ਨੂੰ ਲੱਭਦੇ ਫਿਰਦੇ ਰਹਿੰਦੇ ਐ ‘ਤੇ ਥਾਣੇਦਾਰ ਧੁੰਦਾਂ ਦੇ ਦਿਨਾਂ ਵਿੱਚ ਹਾਈਕੋਰਟ ਤੁਰਿਆ ਰਹਿੰਦੈ, ਇੱਕ ਹਫਤੇ ਵਿੱਚ 2 ਜਾਂ 3 ਗੇੜੇ ਹਾਈਕੋਰਟ ਦੇ ਪੱਕੇ ਐ,ਬਾਕੀ ਦਿਨਾਂ ਵਿੱਚ ਲੋਕਲ ਕੋਰਟਾਂ ਦੇ ਚੱਕਰ, ਪਬਲਿਕ ਨੂੰ ਥਾਣੇਦਾਰ ਨੀ ਲੱਭਦਾ, ਰਿਸ਼ਤੇਦਾਰਾਂ ਨੂੰ ਥਾਣੇਦਾਰ ਨੀ ਲੱਭਦਾ, ਬੱਚਿਆਂ ਨੂੰ ਥਾਣੇਦਾਰ ਨੀ ਲੱਭਦਾ, ਘਰ ਵਾਲੀ ਸਵੇਰੇ 3 ਵਜੇ ਉੱਠਕੇ ਥਾਣੇਦਾਰ ਨੂੰ ਹਾਈਕੋਰਟ ਜਾਣ ਲਈ ਚਾਹ ਬਣਾਕੇ ਦਿੰਦੀ ਐ ਨਾਲੇ ਕਹਿੰਦੀ ਐ ਛੱਡ ਪਰ੍ਹੇ ਇਹੋ ਜੀ ਨੌਕਰੀ ਕੀ ਲੈਣੈ ਥਾਣੇਦਾਰੀ ਤੋਂ, ਨਾਲੇ ਥਾਣੇਦਾਰ ਨੂੰ ਤੁਰਨ ਵੇਲੇ ਕਹਿੰਦੀ ਐ ਕਿ ਬਲੱਡ ਪ੍ਰੈਸ਼ਰ ਦੀ ਗੋਲੀ ਯਾਦ ਕਰਕੇ ਟਾਈਮ ਨਾਲ ਲੈ ਲਿਉ ਭੁੱਲ ਨਾਂ ਜਾਇਉ, ਨਾਲੇ ਹੌਲੀ ਜਾਇਉ ਧੁੰਦ ਬਹੁਤ ਐ, ਅਜੇ ਜਿਹੜੀਆਂ ਝਿੜਕਾਂ ਅਫਸਰਾਂ ਦੀਆਂ ਸਹਿਣੀਆਂ ਪੈਂਦੀਆਂ ਨੇ ਉਹ ਵਾਧੂ ਦੀਆਂ ਗਿਫ਼ਟ ਚ ਮਿਲਦੀਆਂ ਨੇ। ਕਹਿੰਦੇ ਫਲਾਣੇ ਮੁਕਦਮੇ ਦੇ ਦਿਨ ਪੂਰੇ ਹੁੰਦੇ ਨੇ ਜਲਦੀ ਚਲਾਣ ਪੇਸ਼ ਕਰੋ, ਬਾਹਰਲੇ ਫੋਨ ਸਾਰੇ ਸੁਣਨੇ ਪੈਂਦੇ ਨੇ ਪਰ ਘਰਦਿਆਂ ਨੂੰ ਝਿੜਕਾਂ, ਰੋਟੀ ਤਾਂ ਕਦੇ ਸ਼ਾਂਤੀ ਨਾਲ ਖਾਧੀ ਹੀ ਨੀ, ਹਮੇਸ਼ਾ ਝੁਲਸਣੀ ਹੀ ਪੈਂਦੀ ਐ, ਕੋਈ ਦੁਖੀ ਹੋਕੇ ਰਿਟਾਇਰਮੈਂਟ ਬਾਰੇ ਸੋਚੀ ਜਾਂਦੈ, ਕਿਸੇ ਨੂੰ ਅਟੈੱਕ ਹੋ ਗਿਆ, ਕੋਈ ਖੁਦਕਸ਼ੀ ਕਰ ਗਿਆ, ਥਾਣੇਦਾਰ ਦੇ ਇਸ ਬੋਝ ਦਾ ਖਮਿਆਜ਼ਾ ਕਈ ਵਾਰ ਪਬਲਿਕ ਨੂੰ ਵੀ ਭੁਗਤਣਾ ਪੈਂਦੈ, ਪਰ ਇਸ ਬਾਰੇ ਸੋਚੂ ਪਤਾ ਨੀ ਕੌਣ ਤੇ ਕਦੋਂ ?
ਇਹ ਜੋ ਸੂਚਨਾਵਾਂ ਅਤੇ ਹਕੀਕਤ ਸਾਥੀ ਪੁਲਿਸ ਕਰਮਚਾਰੀਆਂ ਵਲੋਂ ਭੇਜੀਆਂ ਗਈਆਂ ਹਨ ਇਹ ਸਭ ਸੌ ਫੀਸਦੀ ਸੱਚਾਈ ਗਨ। ਇਨਾਂ ਬਾਰੇ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਗੰਭੀਰਤਾ ਨਾਲ ਵਿਚਾਰ ਕਰਕੇ ਇਨ੍ਹਾਂ ਦਾ ਸਹੀ ਅਕੇ ਯੋਗ ਹਲ ਕੱਢਣਾਂਾ ਚਾਹੀਦਾ ਹੈ ਤਾਂ ਜੋ ਹੇਠਲੇ ਪੱਧਰ ਦੇ ਪੁਲਿਸਕਰਮਚਾਰੀ ਜੋ ਅਜਿਹੀਆਂ ਲਿਟੀਗੇਸ਼ਣਆ ਵਿਚ ਬਿਨ੍ਹਾਂ ਵਜਹ ਤੋਂ ਉਲਧ ਕੇ ਡਿਪਰੈਸ਼ਨ ਦਾ ਸ਼ਿਕਾਰ ਹੋਏ ਰਹਿੰਦੇ ਹਨ ਉਨ੍ਹਾਂ ਨੂੰ ਰਾਹਤ ਮਿਲ ਸਕੇ ਅਤੇ ਜੋ ਭ੍ਰਿਸ਼ਟਾਚਾਰ ਇਨ੍ਹਾਂ ਕਾਰਨਾ ਕਰਕੇ ਫੈਲਿਆ ਹੋਇਆ ਹੈ ਉਸਨੂੰ ਬੰਦ ਕੀਤਾ ਜਾ ਸਕੇ।
ਹਰਵਿੰਦਰ ਸਿੰਘ ਸੱਗੂ।