ਫਾਜ਼ਿਲਕਾ (ਅਨਿੱਲ ਕੁਮਾਰ) ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਅਧਿਆਪਕ ਅਤੇ ਹੋਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੁਲਾਜ਼ਮਾਂ ਨੂੰ ਚੋਣ ਡਿਊਟੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਏਡੀਸੀ ਜਨਰਲ ਰਾਕੇਸ਼ ਕੁਮਾਰ ਪੋਪਲੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦਕ ਆਗੂਆਂ ਨੇ ਦੱਸਿਆ ਕਿ ਇਲੈਕਸ਼ਨਾਂ ਦੀਆਂ ਬਹੁਤ ਸਾਰੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਫਾਜ਼ਿਲਕਾ ਬਹੁਤ ਵੱਡਾ ਹੈ ਅਤੇ ਸਾਡੇ ਸਾਥੀ ਬਹੁਤ ਵੱਡੀ ਗਿਣਤੀ ਵਿੱਚ ਆਪਣੀ ਰਿਹਾਇਸ਼ ਤੋਂ ਜ਼ਿਆਦਾ ਦੂਰੀ ‘ਤੇ ਆਪਣੀ ਡਿਊਟੀ ਨਿਭਾ ਰਹੇ ਹਨ। ਇਲੈਕਸ਼ਨ ਦੀਆਂ ਡਿਊਟੀਆਂ ਵੀ ਉਨ੍ਹਾਂ ਦੀ ਤਾਇਨਾਤੀ ਵਾਲੀ ਥਾਂ ‘ਤੇ ਲਾਈਆਂ ਜਾ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਇਹ ਡਿਊਟੀਆਂ 24 ਘੰਟੇ ਦੇ ਸ਼ਡਿਊਲ ਅਨੁਸਾਰ ਕਿਸੇ ਵੀ ਸਮੇਂ ਲਾਈਆਂ ਜਾਂਦੀਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਘਰ ਵਿੱਚ ਪਹੁੰਚਣ ‘ਤੇ ਬਹੁਤ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਲੈਕਸ਼ਨ ਡਿਊਟੀਆਂ ਰਿਹਾਇਸ਼ ਨੂੰ ਆਧਾਰ ਮੰਨ ਕੇ ਲਾਈਆਂ ਜਾਣ ਨਾ ਕਿ ਤਾਇਨਾਤੀ ਵਾਲੇ ਸਥਾਨ ਨੂੰ ਆਧਾਰ ਮੰਨ ਕੇ ਲਾਈਆਂ ਜਾਣ ਤਾਂ ਜੋ ਇਲੈਕਸ਼ਨ ਡਿਊਟੀ ਸਹੀ ਢੰਗ ਨਾਲ ਨਿਭਾਈ ਜਾ ਸਕੇ।ਇਸ ਦੇ ਨਾਲ ਇਹ ਵੀ ਮੰਗ ਕੀਤੀ ਗਈ ਕਿ ਕਿਸੇ ਪਰਿਵਾਰ ਵਿੱਚ ਦੋ ਮੈਂਬਰ ਜਿਵੇਂ ਪਤੀ-ਪਤਨੀ ਸਰਕਾਰੀ ਮੁਲਾਜ਼ਮ ਹਨ ਤਾਂ ਉਨ੍ਹਾਂ ਵਿੱਚੋਂ ਕਿਸੇ ਇਕ ਦੀ ਹੀ ਇਲੈਕਸ਼ਨ ਡਿਊਟੀ ਲਾਈ ਜਾਵੇ ਅਤੇ ਇਕ ਮੈਂਬਰ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ ਤਾਂ ਜੋ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਿਭਾਇਆ ਜਾ ਸਕੇ। ਵਫ਼ਦ ਵੱਲੋਂ ਮੰਗ ਕੀਤੀ ਗਈ ਕਿ ਇਸਤਰੀ ਮੁਲਾਜ਼ਮਾਂ ਨੂੰ ਪੋਲਿੰਗ ਬੂਥਾਂ ‘ਤੇ ਰਾਤ ਠਹਿਰਣ ਤੋਂ ਛੋਟ ਦਿੱਤੀ ਜਾਵੇ। ਏਡੀਸੀ ਜਨਰਲ ਰਾਕੇਸ਼ ਕੁਮਾਰ ਪੋਪਲੀ ਵੱਲੋਂ ਵਫ਼ਦ ਵੱਲੋਂ ਰੱਖੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਇਨ੍ਹਾਂ ਮੰਗਾਂ ਦੇ ਹੱਲ ਲਈ ਉਨ੍ਹਾਂ ਵੱਲੋਂ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਸੰਭਵ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਮੁਲਾਜ਼ਮ ਆਗੂ ਬਲਵਿੰਦਰ ਸਿੰਘ, ਧਰਮਿੰਦਰ ਗੁਪਤਾ, ਦੁਪਿੰਦਰ ਸਿੰਘ ਿਢੱਲੋਂ, ਕੁਲਦੀਪ ਸਿੰਘ ਸੱਭਰਵਾਲ, ਇਨਕਲਾਬ ਸਿੰਘ ਗਿੱਲ, ਅਮਰਜੀਤ ਸਿੰਘ ਚਾਵਲਾ, ਦਲਜੀਤ ਸਿੰਘ ਸੱਭਰਵਾਲ, ਮੋਹਨ ਲਾਲ, ਸਿਮਲਜੀਤ ਸਿੰਘ, ਲਾਲ ਚੰਦ, ਸੁਨੀਲ ਗਾਂਧੀ, ਅਨਿਲ ਛਾਬੜਾ ਆਦਿ ਮੌਜੂਦ ਸਨ।