ਮੋਗਾ 28 ਅਕਤੂਬਰ ( ਕੁਲਵਿੰਦਰ ਸਿੰਘ ) : ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਨਹਿਰਾਂ, ਕੱਸੀਆਂ ਅਤੇ ਸੁਇਆਂ ਦੀ ਸਤ੍ਹਾ ਤੇ ਫਾਈਬਰ ਸੀਟਾਂ ਪਾ ਕੇ ਕੰਕਰੀਟ ਨਾਲ ਉਸ ਨੂੰ ਪੱਕਾ ਕਰਨ ਅਤੇ ਦੋਨਾਂ ਪਾਸਿਆਂ ਤੋਂ ਪੱਕੀਆਂ ਦੀਵਾਰਾਂ ਬਨਾਉਣ ਦੇ ਫੈਸਲੇ ਤੇ ਪੰਜਾਬ ਸਰਕਾਰ ਤੁਰੰਤ ਰੋਕ ਲਗਾਵੇ ਅਤੇ ਕੇਂਦਰ ਸਰਕਾਰ ਨਾਲ ਮੀਟਿੰਗਾਂ ਕਰਕੇ ਇਸ ਦਾ ਬਦਲ ਲੱਭਣ ਦੀ ਕੋਸ਼ਿਸ਼ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵਾ ਸੁਸਾਇਟੀ ਮੋਗਾ ਅਤੇ ਜਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਅਤੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਅੱਜ ਫਰੀਦਕੋਟ ਵਿਖੇ ਜਲ ਜੀਵਨ ਬਚਾਓ ਮੋਰਚਾ ਪੰਜਾਬ ਦੇ ਸੱਦੇ ਤੇ ਮਿੰਨੀ ਸਕੱਤਰੇਤ ਫਰੀਦਕੋਟ ਤੋਂ ਜੌੜੀਆਂ ਨਹਿਰਾਂ ਤੱਕ ਕੀਤੇ ਗਏ ਰੋਸ ਮਾਰਚ ਵਿੱਚ ਹਿੱਸਾ ਲੈਣ ਤੋਂ ਬਾਅਦ ਪ੍ਰੈੱਸ ਨੂੰ ਸੰਬੋਧਨ ਦੌਰਾਨ ਕੀਤਾ। ਉਹਨਾਂ ਦੱਸਿਆ ਕਿ ਪੰਜਾਬ ਦਾ ਮਾਲਵਾ ਖੇਤਰ, ਜੋ ਕਿ ਧਰਤੀ ਹੇਠਲੇ ਪਾਣੀ ਦੇ ਤੇਜੀ ਨਾਲ ਡਿੱਗ ਰਹੇ ਪੱਧਰ ਕਾਰਨ ਪਿਛਲੇ 12 ਸਾਲ ਤੋਂ ਰੈਡ ਜੋਨ ਵਿੱਚ ਆਇਆ ਹੋਇਆ ਹੈ, ਵਿੱਚ ਸਰਕਾਰ ਵੱਲੋਂ ਨਹਿਰਾਂ ਦੀ ਸਤ੍ਹਾ ਤੇ ਪਾਲੀਥੀਨ ਵਿਛਾ ਕੇ ਉਨ੍ਹਾਂ ਦਾ ਕੰਕਰੀਟੀਕਰਨ ਕਰਨਾ ਬਹੁਤ ਹੀ ਮੰਦਭਾਗਾ ਫੈਸਲਾ ਹੈ। ਇਸ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦਾ ਸਤਰ ਹੋਰ ਨੀਵਾਂ ਜਾਵੇਗਾ, ਉਥੇ ਨਹਿਰਾਂ ਦੇ ਆਲੇ-ਦੁਆਲੇ ਹਰਿਆਲੀ ਖਤਮ ਹੋ ਜਾਵੇਗੀ ਅਤੇ ਨਲਕੇ ਵੀ ਜਵਾਬ ਦੇ ਜਾਣਗੇ, ਜਿਸ ਨਾਲ ਇਨਸਾਨਾਂ ਨੂੰ ਪਾਣੀ ਦੀ ਤੋਟ ਆਵੇਗੀ, ਉਥੇ ਪਾਣੀ ਤੇ ਨਿਰਭਰ ਲੱਖਾਂ ਪੰਛੀਆਂ ਅਤੇ ਜੀਵ ਜੰਤੂਆਂ ਦੀ ਜਿੰਦਗੀ ਵੀ ਖਤਰੇ ਵਿੱਚ ਪਵੇਗੀ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਸਾਡੇ ਸੂਬੇ ਦੇ ਮੁੱਖ ਮੰਤਰੀ, ਜੋ ਕਿ ਇੱਕ ਪਰਿਵਾਰ ਨਾਲ ਸਬੰਧ ਰੱਖਦੇ ਹਨ, ਉਹ ਇਸ ਮੁੱਦੇ ਦੀ ਗੰਭੀਰਤਾ ਨੂੰ ਕਿਉਂ ਨਹੀਂ ਸਮਝ ਰਹੇ। ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿੱਚ ਸਰਕਾਰ ਨੂੰ ਫੈਸਲੇ ਤੇ ਮੁੜ ਨਜਰਸਾਨੀ ਕਰਨ ਲਈ ਕਿਹਾ ਅਤੇ ਜੇਕਰ ਇਹ ਫੈਸਲਾ ਨਾ ਬਦਲਿਆ ਗਿਆ ਤਾਂ ਮੱਤੇਵਾੜਾ ਜੰਗਲ ਦੇ ਸੰਘਰਸ਼ ਵਾਂਗ ਇੱਕ ਵੱਡੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ। ਉਹਨਾਂ ਦੱਸਿਆ ਕਿ ਐਤਵਾਰ ਸ਼ਾਮ ਨੂੰ ਸ਼ਹੀਦ ਨਛੱਤਰ ਸਿੰਘ ਭਵਨ ਮੋਗਾ ਵਿਖੇ ਹੋਣ ਜਾ ਰਹੀ ਐਨ ਜੀ ਓ ਸੰਸਥਾਵਾਂ ਦੀ ਵੱਡੀ ਮੀਟਿੰਗ ਵਿੱਚ ਇਸ ਦੇ ਵਿਰੋਧ ਮਤਾ ਪੇਸ਼ ਕੀਤਾ ਜਾਵੇਗਾ ਅਤੇ ਅਗਲੇ ਸੰਘਰਸ਼ ਲਈ ਸਮਾਜ ਸੇਵੀ ਸੰਸਥਾਵਾਂ ਦੀ ਲਾਮਬੰਦੀ ਕੀਤੀ ਜਾਵੇਗੀ। ਉਨ੍ਹਾਂ ਜਲ ਜੀਵਨ ਬਚਾਓ ਮੋਰਚਾ ਦੇ ਆਗੂਆਂ ਨੂੰ ਮੋਗਾ ਜਿਲ੍ਹੇ ਵੱਲੋਂ ਹਰ ਸੰਭਵ ਸਹਾਇਤਾ ਦਾ ਵਾਅਦਾ ਵੀ ਕੀਤਾ। ਰੋਸ ਮਾਰਚ ਵਿੱਚ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ, ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਤੋਂ ਇਲਾਵਾ ਜਨਰਲ ਸਕੱਤਰ ਅਮਰਜੀਤ ਸਿੰਘ ਜੱਸਲ, ਕੈਸ਼ੀਅਰ ਭਵਨਦੀਪ ਸਿੰਘ ਪੁਰਬਾ, ਪੇਂਡੂ ਕਲੱਬਾਂ ਦੇ ਕੋਆਰਡੀਨੇਟਰ ਸੁਖਦੇਵ ਸਿੰਘ ਬਰਾੜ ਅਤੇ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਵੀ ਸ਼ਾਮਲ ਸਨ।