ਜੋਧਾਂ, 16 ਮਈ ( ਜਸਵੀਰ ਹੇਰਾਂ )-ਥਾਣਾ ਜੋਧਾ ਅਤੇ ਥਾਣਾ ਸਿੱਧਵਾਂਬੇਟ ਦੀ ਪੁਲਿਸ ਪਾਰਟੀਆਂ ਨੇ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 300 ਨਸ਼ੀਲੀਆਂ ਗੋਲੀਆਂ ਅਤੇ 45 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਜੋਧਾ ਤੋਂ ਇੰਸਪੈਕਟਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਮੇਨ ਚੌਕ ਸਰਾਭਾ ਵਿਖੇ ਚੈਕਿੰਗ ਲਈ ਮੌਜੂਦ ਸਨ ਤਾਂ ਪਿੰਡ ਅੱਬੂਵਾਲ ਵਾਲੀ ਸਾਈਡ ਤੋਂ ਇਕ ਵਿਅਕਤੀ ਮੋਟਰਸਾਈਕਲ ’ਤੇ ਆਉਂਦਾ ਦੇਖਿਆ। ਜਦੋਂ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਤੇਜ਼ੀ ਨਾਲ ਆਪਣੀ ਬਾਈਕ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ। ਜਿਸ ’ਤੇ ਉਸਨੂੰ ਕਾਬੂ ਕਰ ਲਿਆ ਗਿਆ। ਪੁੱਛਣ ’ਤੇ ਉਸ ਨੇ ਆਪਣਾ ਨਾਂ ਅਵਤਾਰ ਸਿੰਘ ਤਾਰੀ ਵਾਸੀ ਪਿੰਡ ਅੱਬੂਵਾਲ ਥਾਣਾ ਸੁਧਾਰ ਦੱਸਿਆ। ਉਸ ਦੀ ਤਲਾਸ਼ੀ ਲੈਣ ’ਤੇ ਮੋਟਰਸਾਈਕਲ ਦੀ ਟੈਂਕੀ ’ਤੇ ਲੱਗੇ ਪਲਾਸਟਿਕ ਦੇ ਕਵਰ ’ਚ ਰੱਖਿਆ ਇਕ ਲਿਫਾਫਾ ਮਿਲਿਆ, ਜਿਸ ’ਚੋਂ 300 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਸਬੰਧੀ ਅਵਤਾਰ ਸਿੰਘ ਖ਼ਿਲਾਫ਼ ਥਾਣਾ ਜੋਧਾਂ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਥਾਣਾ ਸਿੱਧਵਾਂਬੇਟ ਤੋਂ ਏਐਸਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਚੈਕਿੰਗ ਲਈ ਕਿਸ਼ਨਪੁਰਾ ਚੌਕ ਸਿੱਧਵਾਂਬੇਟ ਵਿਖੇ ਮੌਜੂਦ ਸਨ। ਉੱਥੇ ਇਤਲਾਹ ਮਿਲੀ ਕਿ ਪਿੰਡ ਪਰਜ਼ੀਆਂ ਬਿਹਾਰੀਪੁਰ ਦੀ ਰਹਿਣ ਵਾਲੀ ਮਨਜੀਤ ਕੌਰ ਨੇੜਲੇ ਪਿੰਡਾਂ ਵਿੱਚ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੀ ਹੈ। ਜੋ ਕਿ ਅੱਜ ਵੀ ਸੇਮ ਨਾਲਾ ਅੱਬੂਪੁਰਾ ਵਿਖੇ ਨਜਾਇਜ਼ ਸ਼ਰਾਬ ਲੈ ਕੇ ਬੈਠੇ ਆਪਣੇ ਗਾਹਕਾਂ ਦੀ ਉਡੀਕ ਕਰ ਰਹੇ ਹਨ। ਇਸ ਸੂਚਨਾ ’ਤੇ ਛਾਪਾ ਮਾਰ ਕੇ ਮਨਜੀਤ ਕੌਰ ਨੂੰ 45 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ। ਉਸਦੇ ਖਿਲਾਫ ਥਾਣਾ ਸਿੱਧਵਾਂਬੇਟ ਵਿਖੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।