ਫਿਰੌਤੀ ਦੇ ਮਾਮਲੇ ’ਚ ਪੁਲਸ ਦੀ ਕਾਰਵਾਈ ਤੋਂ ਬਾਅਦ ਉਕਤ ਕਾਰੋਬਾਰੀ ਨੂੰ ਫਿਰ ਮਿਲੀ ਧਮਕੀ
ਜਗਰਾਉਂ, 28 ਜਨਵਰੀ ( ਭਗਵਾਨ ਭੰਗੂ, ਅਸ਼ਵਨੀ )-ਜਗਰਾਓਂ ਦੇ ਇੱਕ ਕਰਿਆਨਾ ਵਪਾਰੀ ਤੋਂ ਵਿਦੇਸ਼ ਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗਣ ਦੀ ਆਈ ਕਾਲ ਦੇ ਮਾਮਲੇ ਵਿੱਚ ਪਿਛਲੇ ਦਿਨੀ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਪੈਸੇ ਵਸੂਲਣ ਆਏ 2 ਵਿਅਕਤੀਆਂ ਵਿੱਚੋਂ 1 ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਸੂਤਰਾਂ ਅਨੁਸਾਰ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਕਤ ਵਪਾਰੀ ਨੂੰ ਹੀ ਨੂੰ ਮੁੜ ਇੱਕ ਵਿਦੇਸ਼ੀ ਨੰਬਰ ਤੋਂ ਧਮਕੀ ਭਰਿਆ ਫ਼ੋਨ ਆਇਆ ਕਿ ਤੁਸੀਂ ਸਾਡੇ ਬੰਦੇ ਨੂੰ ਗ੍ਰਿਫ਼ਤਾਰ ਕਰਵਾ ਚੰਗਾ ਨਹੀਂ ਕੀਤਾ। ਪਰ ਇਸ ਮਾਮਲੇ ਸਬੰਧੀ ਕੋਈ ਵੀ ਅਧਿਕਾਰੀ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਇਲਾਕੇ ’ਚ ਕੁਝ ਹੋਰ ਲੋਕਾਂ ਨੂੰ ਵੀ ਧਮਕੀ ਭਰੇ ਫੋਨ ਆ ਰਹੇ ਹਨ ਪਰ ਉਹ ਲੋਕ ਖੁੱਲ੍ਹ ਕੇ ਅੱਗੇ ਨਹੀਂ ਆ ਰਹੇ ਹਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਗੈਂਗਸਟਰ ਅਰਸ਼ ਡਾਲਾ ਦੇ ਗੁਰਗਿਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਅਭਿਆਨ ਚਲਾਉਣ ਲਈ ਜ਼ਿਲ੍ਹਾ ਲੁਧਿਆਣਾ ਦੇਹਾਤ ਪੁਲਿਸ ਨੂੰ 50 ਵਿਸ਼ੇਸ਼ ਕਮਾਂਡੋ ਮੁਹੱਈਆ ਕਰਵਾਏ ਗਏ ਹਨ।
ਦੂਸਰਾ ਮੁਲਜ਼ਮ ਮੋਗਾ ਵਾਲੇ ਪਾਸੇ ਫਰਾਰ-ਪੁਲਿਸ ਦੀ ਕਾਰਵਾਈ ਦੌਰਾਨ 26 ਜਨਵਰੀ ਨੂੰ ਫਿਰੌਤੀ ਦੀ ਰਕਮ ਵਸੂਲਣ ਆਇਆ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੋਟਰਸਾਈਕਲ ਲੈ ਕੇ ਮੋਗਾ ਵੱਲ ਭੱਜਣ ਵਿੱਚ ਕਾਮਯਾਬ ਹੋ ਗਿਆ। ਮੋਟਰਸਾਈਕਲ ’ਤੇ ਨੰਬਰ ਨਾ ਲਿਖਿਆ ਹੋਣ ਕਾਰਨ ਇਸ ਦੀ ਜਾਂਚ ਨਹੀਂ ਹੋ ਸਕੀ ਅਤੇ ਨਾ ਹੀ ਫੜੇ ਗਏ ਮੁਲਜ਼ਮ ਜਗਤਾਰ ਸਿੰਘ ਪਾਸ ਉਸਦਾ ਕੋਈ ਨੰਬਰ ਜਾਂ ਸੰਪਰਕ ਹੈ, ਕਿਉਂਕਿ ਵਿਦੇਸ਼ਾਂ ਤੋਂ ਆਉਣ ਵਾਲੀਆਂ ਕਾਲਾਂ ’ਚ ਅਜਿਹੇ ਕਾਰਕੁਨਾਂ ਨੂੰ ਆਪਸ ਵਿਚ ਸਿੱਧੇ ਤਾਲਮੇਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਪਹਿਲਾਂ ਇੱਕ ਦੂਜੇ ਨਾਲ ਸੰਪਰਕ ਕਰਨ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਦਾ ਫ਼ੋਨ ਨੰਬਰ ਜਾਣਨ ਦੀ ਇਜਾਜ਼ਤ ਹੁੰਦੀ ਹੈ। ਇਹੀ ਵਜਹ ਹੈ ਕਿ ਗਿਰਫਤਾਰ ਕੀਤੇ ਗਏ ਜਗਤਾਰ ਸਿੰਘ ਪਾਸ ਫਰਾਰ ਹੋਣ ਵਾਲੇ ਦੂਸਰੇ ਸਾਥੀ ਦਾ ਕੋਈ ਸੰਪਰਕ ਨੰਬਰ ਦਾ ਪਤਾ ਨਹੀਂ ਹੈ।
ਮਨਪ੍ਰੀਤ ਦੀ ਕਮਾਨ ਹੇਠ ਕੰਮ ਕਰਦਾ ਹੈ ਅਮਰੀਕ-ਸੂਤਰਾਂ ਅਨੁਸਾਰ ਗਿਰਫ਼ਤਾਰ ਕੀਤੇ ਜਗਤਾਰ ਸਿੰਘ ਉਰਫ਼ ਜੱਗਾ ਦਾ ਭਰਾ ਅਮਰੀਕ ਸਿੰਘ ਫਿਲੀਪੀਨਜ਼ ’ਚ ਰਹਿ ਰਿਹਾ ਹੈ ਅਤੇ ਉਥੇ ਉਹ ਮਨਪ੍ਰੀਤ ਸਿੰਘ ਲਈ ਕੰਮ ਕਰਦਾ ਹੈ। ਮਨਪ੍ਰੀਤ ਸਿੰਘ ਅਤੇ ਅਰਸ਼ ਡਾਲਾ ਦੋਵਾਂ ਵਿਚਤਾਕ ਆਪਸੀ ਚੰਗੇ ਸੰਬੰਧ ਹਨ। ਜੋ ਕਿ ਮਿਲ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਸ ਲਈ ਅਰਸ਼ ਡਾਲਾ ਨੇ ਮਨਪ੍ਰੀਤ ਰਾਹੀਂ ਅਮਰੀਕ ਸਿੰਘ ਨੂੰ ਅੱਗੇ ਕਰਕੇ ਇਸ ਸਾਰੀ ਘਟਨਾ ਲਈ ਪਲੇਟਫਾਰਮ ਤਿਆਰ ਕੀਤਾ ਸੀ।
ਪੈਸਿਆਂ ਦੀ ਬਜਾਏ ਕਾਗਜ਼ ਪੈਏ ਬੈਗ ਵਿਚ- ਸੂਤਰਾਂ ਅਨੁਸਾਰ ਫਿਰੌਤੀ ਦੀ ਵਸੂਲੀ ਕਰਨ ਆਏ ਗੈਂਗਸਟਰ ਦੇ ਗੁਰਗਿਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਵਿਛਾਏ ਜਾਲ ’ਚ ਉਹ ਫਸ ਗਏ। ਜਿਸ ਥਾਂ ’ਤੇ ਉਸ ਨੇ ਪੈਸੇ ਲੈਣ ਲਈ ਆਉਣਾ ਸੀ, ਉੱਥੇ ਪੈਸਿਆਂ ਦੀ ਬਜਾਏ ਕਾਗਜ਼ ਅਤੇ ਨਕਲੀ ਨੋਟ ਬੈਗ ’ਚ ਰੱਖੇ ਹੋਏ ਸਨ। ਜਿਵੇਂ ਹੀ ਉਕਤ ਵਿਅਕਤੀ ਮੋਟਰਸਾਈਕਲ ’ਤੇ ਆਏ ਅਤੇ ਉਸ ਬੈਗ ਨੂੰ ਚੁੱਕ ਕੇ ਫਰਾਰ ਹੋਣ ਲੱਗੇ ਤਾਂ ਪੁਲਸ ਨੇ ਘੇਰਾਬੰਦੀ ਕਰ ਲਈ ਅਤੇ ਮੁਕਾਬਲੇ ਤੋਂ ਬਾਅਦ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਪਰ ਦੂਜਾ ਵਿਅਕਤੀ ਬੈਗ ਆਪਣੇ ਨਾਲ ਲੈ ਕੇ ਭੱਜਣ ’ਚ ਕਾਮਯਾਬ ਹੋ ਗਿਆ।
