ਪੰਜਾਬ ਵਿਚ ਡਰੱਗ ਮਾਫੀਆ ਦੀ ਇਕ ਵਾਰ ਚਰਚਾ ਫਿਰ ਤੋਂ ਪੰਜ ਸਾਲ ਦੇ ਲੰਬੇ ਅਰਸੇ ਤੋਂ ਬਾਅਦ ਹਾਈ ਕੋਰਟ ਵਲੋਂ ਖੋਲੀ ਗਈ ਸੀਲਬੰਦ ਰਿਪੋਰਟ ਤੋਂ ਬਾਅਦ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ’ਚ ਨਸ਼ੇ ਦੇ ਬੋਲਬਾਲੇ ਨਾਲ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਨੌਜਵਾਨੀ ਨਸ਼ੇ ਦੀ ਦਲਦਲ ’ਚ ਬੁਰੀ ਤਰ੍ਹਾਂ ਫਸ ਗਈ ਸੀ। ਸਰਕਾਰਾਂ ਵਲੋਂ ਨੌਜਵਾਨ ਵਰਗ ਨੂੰ ਇਸ ਕੋਹੜ ਤੋਂ ਨਿਜਾਤ ਦਵਾਉਣ ਲਈ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਆਪਣੇ ਇਸ ਮਕਸਦ ਵਿਚ ਹਰ ਸਰਕਾਰਾਂ ਬੁਰੀ ਤਰ੍ਹਾਂ ਨਾਲ ਫੇਲ ਸਾਬਤ ਹੋਈਆਂ। ਇਸ ਮੁੱਦੇ ’ਤੇ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਬੈਕਫੁੱਟ ’ਤੇ ਆ ਗਏ ਹਨ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਇਸ ਮੁੱਦੇ ’ਤੇ ਲੋਕਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਹੁਣ ਤੱਕ ਪੰਜਾਬ ਵਿੱਚ ਨਸ਼ਿਆਂ ਦੀ ਆਮਦ ਦੀਆਂ ਵੱਡੀਆਂ ਖੇਪਾਂ ਹਾਸਲ ਕਰਨ ਵਾਲੇ ਵੱਡੇ ਤਸਕਰ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਭਾਵੇਂ ਸੀਮਾ ਸੁਰੱਖਿਆ ਬਲ ਅਤੇ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਰ ਉਹ ਖੇਪ ਕਿਸ ਦੇ ਲਈ ਪੰਜਾਬ ਆ ਰਿਹਾ ਹੈ ਅਤੇ ਅੱਗੇ ਕੌਣ ਸਪਲਾਈ ਕਰਦਾ ਹੈ, ਇਸ ਦਾ ਹੁਣ ਤੱਕ ਕਦੇ ਖੁਲਾਸਾ ਨਹੀਂ ਹੋਇਆ ਹੈ। ਅਜਿਹਾ ਨਹੀਂ ਹੈ ਕਿ ਜੇਕਰ ਸਰਹੱਦ ਪਾਰੋਂ ਨਸ਼ਿਆਂ ਦੀ ਵੱਡੀ ਖੇਪ ਆਉਂਦੀ ਹੈ ਤਾਂ ਇਹ ਕਿਸੇ ਆਮ ਵਿਅਕਤੀ ਦੇ ਹੱਥ ਆ ਜਾਂਦੀ ਹੈ। ਕੋਈ ਵੀ ਵੱਡਾ ਨਸ਼ਾ ਤਸਕਰ ਜਾਂ ਅਸਰ ਰਸੂਖ ਵਾਲਾ ਵਿਅਕਤੀ ਹੀ ਪਾਕਿਸਤਾਨ ਵਰਗੇ ਮੁਲਕ ਤੋਂ ਨਸ਼ਿਆਂ ਦੀ ਖੇਪ ਮੰਗਵਾਉਣ ਦੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਹੈ। ਇਸ ਲਈ ਬਾਰਡਰ ਪਾਰ ਤੋਂ ਵੱਡੀਆਂ ਖੇਪਾਂ ਮੰਗਵਾਉਣ ਵਾਲੇ ਵੱਡੇ ਤਸਕਰਾਂ ਦਾ ਪਰਦਾਫਾਸ਼ ਕਰਨਾ ਜ਼ਰੂਰੀ ਹੈ। ਹਾਈ ਕੋਰਟ ਦੀ ਰਿਪੋਰਟ ਖੁੱਲਣ ਨਾਲ ਪੰਜਾਬ ਦੀ ਰਾਜਨੀਤਿ ਵਿਚ ਵੀ ਗਰਮਾਹਟ ਆਉਣੀ ਲਾਜ਼ਮੀ ਹੈ ਕਿਉਂਕਿ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾ ਬਿਕਰਮ ਮਜੀਠੀਆ ਦਾ ਨਾਂ ਵੀ ਡਰੱਗ ਰੈਕੇਟ ਨਾਲ ਜੋੜਿਆ ਗਿਆ। ਇਸ ਸੰਬੰਧ ਵਿਚ ਬਕਾਇਦਾ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਕਈ ਮਹੀਨੇ ਜੇਲ ’ਚ ਵੀ ਰਹਿਣਾ ਪਿਆ , ਹੁਣ ਇਸ ਮਾਮਲੇ ’ਚ ਮਜੀਠੀਆ ਜ਼ਮਾਨਤ ’ਤੇ ਹਨ। ਹਾਈਕੋਰਟ ਵਲੋਂ ਸੀਲਬੰਦ ਰਿਪੋਰਟ ਖੋਲਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਹਨ। ਜਿਸ ਤੋਂ ਬਾਅਦ ਪੰਜਾਬ ’ਚ ਕਾਰਵਾਈ ਸ਼ੁਰੂ ਹੋਈ ਤਾਂ ਇਕ ਵਾਰ ਫਿਰ ਤੋਂ ਡਰੱਗ ਰੈਕੇਟ ਸੁਰਖੀਆਂ ਵਿੱਚ ਆ ਜਾਏਗਾ। ਜਿਸ ਨਾਲ ਪੰਜਾਬ ਦੀ ਸਿਆਸਤ ਗਰਮਾ ਜਾਏਗੀ। ਜੇਕਰ ਰਿਪੋਰਟ ਖੁੱਲ੍ਹੀ ਹੈ ਤਾਂ ਇਸ ਰਿਪੋਰਟ ਵਿਚਲੇ ਸ਼ਾਮਲ ਅਧਿਕਾਰੀਅਆੰ, ਨੇਤਾਵਾਂ ਜਾਂ ਹੋਰ ਲੋਕਾਂ ਦਾ ਨਾਮ ਵੀ ਜਨਤਕ ਕਰਨਾ ਚਾਹੀਦਾ ਹੈ ਕਿਉਂਕਿ ਇਸ ਦਾ ਸਿੱਧਾ ਸਬੰਧ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਹੈ ਅਤੇ ਪੰਜਾਬ ਦੀ ਜਵਾਨੀ ਦਿਨੋ ਦਿਨ ਨਸ਼ਿਆਂ ਦੀ ਦਲਦਲ ਵਿੱਚ ਡੁੱਬ ਕੇ ਮਰ ਰਹੀ ਹੈ ਅਤੇ ਮਾਂ ਬਾਪ ਆਪਣੇ ਪਾਸ ਜਮ੍ਹਾਂ ਸਾਰੀ ਪੂੰਜੀ ਨੂੰ ਵੀ ਖਰਚ ਕਰਕੇ ਆਪਣੇ ਬੱਚਿਆਂ ਨੂੰ ਬਚਾ ਨਹੀਂ ਪਾ ਰਹੇ। ਇਸ ਲਈ ਜੋ ਵੀ ਅਧਿਕਾਰੀ, ਰਾਜਨੀਤੀ ਜਾਂ ਹੋਰ ਲੋਕ ਇਸ ਨਾਲ ਜੁੜੇ ਹੋਏ ਹਨ ਇਨ੍ਹਾਂ ਦੇ ਨਾਮ ਹੋਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ੱਕ ਪੰਜਾਬ ਦੀ ਜਵਾਨੀ ਦੇ ਅਸਲ ਕਾਤਲ ਕੋਣ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ-ਵੱਡੇ ਨਸ਼ਾ ਤਸਕਰਾਂ ਨੂੰ ਫੜ ਕੇ ਅੰਦਰ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਹੈ। ਇਸ ਲਈ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਸੁਰਖਿਅਤ ਕਰਨ ਲਈ ਅਤੇ ਆਪਣਏ ਵਲੋਂ ਕੀਤੇ ਗਏ ਵਾਅਦੇ ਦੀ ਪੂਰਤੀ ਲਈ ਬਿਨ੍ਹਾਂ ਝਿਜਕ ਸਰਕਾਰ ਨਸ਼ਾ ਤਸਕਰੀ ਦੇ ਰੈਕੇਟ ਲਿਵਚ ਸ਼ਾਮਲ ਲੋਕਾਂ ਨੂੰ ਜੰਤਾ ਦੀ ਕਚਿਹਰੀ ਵਿਚ ਨੰਗਾ ਕਰੇ ਤਾਂ ਕਿ ਅਜਿਹੇ ਸਮਾਜ ਦੇ ਦੁਸ਼ਮਣਾ ਦਾ ਸਮੂਹਿਕ ਤੌਰ ਤੇ ਸਮਾਜਿਕ ਬਾਈਕਾਟ ਹੋ ਸਕੇ ਜੋ ਪੈਸੇ ਦੀ ਖ਼ਾਤਰ ਬੱਚਿਆਂ ਦੇ ਭਵਿੱਖ ਨਾਲ ਖੇਡ ਰਹੇ ਸਨ।
ਹਰਵਿੰਦਰ ਸਿੰਘ ਸੱਗੂ ।