ਅਜਨਾਲਾ,(ਰਾਜਨ ਜੈਨ – ਵਿਕਾਸ ਮਠਾੜੂ) : ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ‘ਚ ਪਿਛਲੇ ਸਾਲਾਂਬੱਧੀ ਅਰਸ਼ੇ ਤੋਂ ਬਤੌਰ ਇਨਲਿਸਟਮੈਂਟ ਅਤੇ ਆਊਟਸੋਰਸ ਅਧੀਨ ਸੇਵਾਵਾਂ ਦੇ ਰਹੇ ਵਰਕਰਾਂ ਨੂੰ ਤਜ਼ਰਬੇ ਦੇ ਅਧਾਰ ‘ਤੇ ਵਿਭਾਗ ਵਿਚ ਸ਼ਾਮਲ ਕਰਕੇ ਪੱਕਾ ਰੁਜਗਾਰ ਕਰਵਾਉਣ ਸਮੇਤ ਜਥੇਬੰਦੀ ਦੇ ਮੰਗ ਪੱਤਰ ‘ਚ ਦਰਜ ਤਮਾਮ ਮੰਗਾਂ ਦਾ ਹੱਲ ਕਰਵਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਦੀ ਗਠਿਤ ਸਬ ਕਮੇਟੀ ਮੈਂਬਰ-ਕਮ-ਮੰਤਰੀਆਂ ਵਿਰੁੱਧ ਸ਼ੁਰੂ ਕੀਤੇ ਸੰਘਰਸ਼ ਦੇ ਅਗਲੇ ਪੜਾਅ ‘ਚ 8 ਫਰਵਰੀ ਨੂੰ ਹਲਕਾ ਅਜਨਾਲਾ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਦੀ ਕੋਠੀ ਅੱਗੇ ਅਤੇ 15 ਫਰਵਰੀ ਨੂੰ ਸੰਗਰੂਰ ‘ਚ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਅੱਗੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਸੂਬਾ ਧਰਨੇ ਅਤੇ ਰੋਸ ਮਾਰਚ ਪ੍ਰਦਰਸ਼ਨ ਕੀਤੇ ਜਾਣਗੇ। ਜਿਸ ਦੀਆਂ ਤਿਆਰੀਆਂ ਲਈ ਜ਼ੋਰ ਸ਼ੋਰ ਨਾਲ ਵਰਕਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਲਾਮਬੰਦੀ ਕਰਨ ਲਈ ਵਿੱਢੀ ਮੁਹਿੰਮ ਪ੍ਰਚੰਡ ਕਰ ਦਿੱਤੀ ਗਈ ਹੈ।ਅੱਜ ਇਥੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੁਨੀਅਨ ਦੀ ਬਰਾਂਚ ਅਜਨਾਲਾ ਦੇ ਪਿੰਡਾਂ ਵਿਚ ਵਰਕਰਾਂ ਤੇ ਘਰ-ਘਰ ਜਾ ਕੇ ਲਾਮਬੰਦੀ ਕਰਨ ਉਪਰੰਤ ਜਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਜਗੀਰ ਸਿੰਘ ਨੰਗਲ ਸੋਹਲ, ਜਿਲ੍ਹਾ ਜਰਨਲ ਸਕੱਤਰ ਸੁਖਦੇਵ ਸਿੰਘ ਬਾਠ ਅਤੇ ਬਲਾਕ ਅਜਨਾਲਾ ਦੇ ਪ੍ਰਧਾਨ ਸੁਖਬੀਰ ਸਿੰਘ ਅਬੁਸੈਦ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਜਸਸ ਵਿਭਾਗ ਦੇ ਇਨਲਿਸਟਮੈਂਟ ਅਤੇ ਆਊਟਸੋਰਸ ਵਰਕਰਾਂ ਦਾ ਪੱਕਾ ਰੁਜਗਾਰ ਹਾਸਲ ਕਰਨ, ਜਲ ਸਪਲਾਈ ਸਕੀਮਾਂ ਦਾ ਨਿੱਜੀਕਰਨ, ਪੰਚਾਇਤੀਕਰਨ ਦੀਆਂ ਨੀਤੀਆਂ ਨੂੰ ਤੁਰੰਤ ਰੱਦ ਕਰਵਾਉਣ ਸਮੇਤ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਲਈ ਜੋ ਸੰਘਰਸ਼ ਵਿੱਿਢਆ ਗਿਆ ਹੈ ਉਸ ਵਿਚ ਬਲਾਕ ਅਜਨਾਲਾ ਸਮੇਤ ਜਿਲ੍ਹੇ ਦੇ ਵਰਕਰ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ।