ਮੋਗਾ, 31 ਜਨਵਰੀ ( ਅਸ਼ਵਨੀ ) – ਆਮ ਲੋਕਾਂ ਦੀ ਹਰੇਕ ਪੱਧਰ ਉੱਤੇ ਸੁਣਵਾਈ ਅਤੇ ਉਹਨਾਂ ਦੇ ਮਸਲਿਆਂ ਦਾ ਮੌਕੇ ਉੱਤੇ ਹੱਲ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਵੱਖ ਵੱਖ ਵਿਭਾਗਾਂ ਦੇ ਸਮੂਹ ਪ੍ਰਬੰਧਕੀ ਸਕੱਤਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਹਰੇਕ ਹਫ਼ਤੇ ਦੇ ਦੋ ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਆਪਣੇ ਦਫ਼ਤਰਾਂ ਵਿੱਚ ਜ਼ਰੂਰੀ ਤੌਰ ਉੱਤੇ ਹਾਜ਼ਰ ਰਹਿਣਾ ਯਕੀਨੀ ਬਣਾਉਣ।
ਇਸ ਸਬੰਧੀ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਪ੍ਰਬੰਧਕੀ ਸਕੱਤਰ ਉਕਤ ਦਿਨਾਂ ਦੌਰਾਨ 3:00 ਵਜੇ ਤੋਂ 5:00 ਵਜੇ (ਬਾਅਦ ਦੁਪਹਿਰ) ਆਪਣੇ ਦਫ਼ਤਰਾਂ ਵਿੱਚ ਉਪਲਬਧ ਰਹਿਣਗੇ ਅਤੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਹਨਾਂ ਦਾ ਨਿਵਾਰਣ ਕਰਨਗੇ।ਇਸ ਸਬੰਧੀ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਜ਼ਿਲ੍ਹਾ ਮੁਖੀ ਅਧਿਕਾਰੀਆਂ ਨੂੰ ਹਦਾਇਤ ਕਰਨ ਕਿ ਉਹ ਆਮ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਨੂੰ ਸੁਣ ਕੇ ਤੁਰੰਤ ਹੱਲ ਦਾ ਯਤਨ ਕਰਨ। ਇਹ ਜਾਣਕਾਰੀ ਮੋਗਾ ਦੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ੍ਰ ਬਿਕਰਮ ਸਿੰਘ ਪੁਰੇਵਾਲ ਨੇ ਦਿੱਤੀ।