ਮਾਹਿਲਪੁਰ (ਰੋਹਿਤ ਗੋਇਲ) ਬਲਾਕ ਮਾਹਿਲਪੁਰ ਦੇ ਪਿੰਡ ਬਾਹੋਵਾਲ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ‘ਮਧੂ ਮੱਖੀ ਪਾਲਣ’ ਸਬੰਧੀ ਸਿਖਲਾਈ ਕੋਰਸ 9 ਤੋਂ 13 ਅਕਤੂਬਰ ਤਕ ਕੀਤਾ ਗਿਆ। ਸਿਖਿਆਰਥੀਆਂ ਨਾਲ ਰੂਬਰੂ ਹੁੰਦਿਆਂ, ਡਾ. ਮਨਿੰਦਰ ਸਿੰਘ ਬੈਂਸ, ਸਹਿਯੋਗੀ ਨਿਰਦੇਸ਼ਕ ਸਿਖਲਾਈ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਪਹੁੰਚੇ ਸਿਖਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਮਧੂ ਮੱਖੀ ਪਾਲਣ ਦੀ ਮਹੱਤਤਾ ਤੇ ਇਸ ਕੇਂਦਰ ਦੀਆਂ ਗਤੀਵਿਧੀਆਂ ਬਾਬਤ ਚਾਨਣਾ ਪਾਇਆ। ਇਸ ਕੋਰਸ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਦੇ ਮਾਹਿਰ- ਡਾ. ਪ੍ਰਭਜੋਤ ਕੌਰ, ਸਹਾਇਕ ਪੋ੍ਫੈਸਰ ‘ਪੌਦਾ ਸੁਰੱਖਿਆ’ ਨੇ ਮਧੂ ਮੱਖੀ ਪਾਲਣ ਦੀ ਮੁੱਢਲੀ ਜਾਣਕਾਰੀ, ਮੁਖੀ ਕਟੁੰਬਾਂ ਦੀ ਮੌਸਮੀ ਸਾਂਭ-ਸੰਭਾਲ, ਸ਼ਹਿਦ ਕੱਢਣਾ, ਸ਼ਹਿਦ ਮੱਖੀਆਂ ਦੇ ਦੁਸ਼ਮਣ ਕੀੜਿਆਂ ਤੇ ਬਿਮਾਰੀਆਂ ਦੀ ਰੋਕਥਾਮ ਅਤੇ ਸ਼ਹਿਦ ਮੱਖੀਆਂ ਤੋਂ ਮਿਲਣ ਵਾਲੇ ਪਦਾਰਥ ਅਤੇ ਸੇਵਾਵਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪਿੰਡ ਰਾਮਪੁਰ ਦੇ ਅਗਾਂਹਵਧੂ ਮਧੂ ਮੱਖੀ ਪਾਲਕ, ਸ. ਮਨਜੀਤ ਸਿੰਘ ਨੇ ਸਿਖਲਾਈ ਦੌਰਾਨ ਆਪਣੇ ਤਜਰਬੇ ਅਤੇ ਜ਼ਰੂਰੀ ਨੁਕਤੇ ਸਾਂਝੇ ਕੀਤੇ।