ਜਗਰਾਓਂ, 8 ਫਰਵਰੀ ( ਰੋਹਿਤ ਗੋਇਲ )-ਬੰਦੀ ਸਿੰਘਾ ਦੀ ਰਿਹਾਈ ਲਈ ਸਿੱਖ ਸੰਗਠਨਾ ਵਲੋਂ ਮੋਹਾਲੀ ਵਿਖੇ ਪਿਛਲੇ ਲੰਬੇ ਸਮੇਂ ਚੱਲ ਰਹੇ ਇਨਸਾਫ ਮੋਰਚੇ ਵਿਚ ਸ਼ਾਮਲ ਹੋ ਕੇ ਵਾਪਿਸ ਘਰ ਆ ਰਹੇ ਪਿੰਡ ਢੱਟ ਦੇ ਗੁਰਸਿੱਖ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਜੋਤ ਸਿੰਘ ( ਬਾਬਾ ਕੇ ) ਵਾਸੀ ਪਿੰਡ ਢੱਟ ਜ਼ਿਲ੍ਹਾ ਲੁਧਿਆਣਾ ਜੋ ਕਿ 35 ਸਾਲਾ ਗੁਰਸਿੱਖ ਨੌਜਵਾਨ ਸੀ, ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿਖੇ ਮੋਰਚੇ ’ਚ ਸ਼ਾਮਿਲ ਹੋਣ ਲਈ ਗਿਆ ਸੀ। ਉੱਥੇ ਪਹੁੰਚ ਕੇ ਉਸ ਨੇ ਮੋਰਚੇ ’ਚ ਸ਼ਾਮਿਲ ਹੋ ਕੇ ਮੋਰਚੇ ਵਿਚ ਆਪਣੀ ਹਾਜਰੀ ਲਗਵਾਈ ਅਤੇ ਉਥੋਂ ਆਪਣੇ ਫੇਸਬੁੱਕ ਪੇਜ ’ਤੇ ਲਾਈਵ ਹੋ ਕੇ ਇਕ ਵੀਡੀਓ ਪਾਈ ਜਿਸ ਵਿਚ ਉਸਨੇ ਨੌਜਵਾਨਾਂ ਨੂੰ ਇਸ ਮੋਰਚੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਉਸ ਸਮੇਂ ਗੁਰਜੋਤ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਦੀ ਇੱਛਾ ਵੀ ਪ੍ਰਗਟਾਈ। ਪਰ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲ ਨਾ ਸਕਿਆ। ਮੋਰਚੇ ਵਿਚ ਸ਼ਾਮਿਲ ਹੋ ਕੇ ਮੋਟਰਸਾਈਕਲ ਤੇ ਘਰ ਵਾਪਿਸ ਆਉਂਦੇ ਸਮੇਂ ਪਿੰਡ ਢੱਟ ਦੇ ਨਜ਼ਦੀਕ ਉਸਦਾ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਿਆ। ਜਿਸ ਵਿੱਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁਰਜੋਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਪਿੰਡ ਢੱਟ ਦੇ ਗੁਰਦੁਆਰਾ ਸਾਹਿਬ ਬਾਬਾ ਭਾਨ ਸਿੰਘ ਵਿਖੇ ਪਾਇਆ ਜਾਵੇਗਾ।