ਸਾਹਿਤ ਸਭਾ ਜਗਰਾਉਂ ਵਲੋਂ ਲੋਕ ਕਵੀ ਨੂੰ ਭਾਵ ਭਿੰਨੀ ਸ਼ਰਧਾਂਜਲੀ
ਜਗਰਾਉਂ, 23 ਅਪ੍ਰੈਲ ( ਵਿਕਾਸ ਮਠਾੜੂ, ਧਰਮਿੰਦਰ )- ਸਾਹਿਤ ਸਭਾ ਜਗਰਾਉਂ ਦੀ ਮਹੀਨਾਵਾਰ ਮੀਟਿੰਗ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਕੀਤੀ ਗਈ।ਇਸ ਮੌਕੇ ਹਾਜ਼ਰ ਸਾਹਿਤਕਾਰਾਂ ਨੇ ਪੁਸਤਕ ਦਿਵਸ਼ ਮੌਕੇ ਪੁਸਤਕਾਂ ਦੀ ਮਹਾਨਤਾ ਦੇ ਨਾਲ-ਨਾਲ ਦੀ ਲੋਕ ਕਵੀ ਸੰਤ ਰਾਮ ਉਦਾਸੀ ਦੀ ਜੀਵਨ ਸ਼ੈਲੀ ਤੇ ਉਨ੍ਹਾਂ ਦੀ ਸਾਹਿਤਕ ਘਾਲਣਾਂ ਦੇ ਸਮਾਜਿਕ ਸਾਰੋਕਾਰਾਂ ਬਾਰੇ ਚਰਚਾ ਕੀਤੀ।ਇਸ ਮੌਕੇ ਮਰਹੂਮ ਲੋਕ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ। ਹਾਜ਼ਰ ਕਵੀਆਂ ਤੇ ਲੇਖਕਾਂ ਨੇ ਸੰਤ ਰਾਮ ਉਦਾਸੀ ਨੂੰ ਵੀਹਵੀਂ ਸਦੀ ਦਾ ਮਹਾਨ , ਯੁੱਗ ਪੁਰਸ਼ ਤੇ ਲੋਕ ਪੱਖੀ ਕਵੀ ਦੱਸਿਆ। ਰਚਨਾਵਾਂ ਦੇ ਦੌਰ ਅੰਦਰ ਹਰਚੰਦ ਗਿੱਲ ਨੇ ” ਮੁਆਫ਼ੀ ” ਰਾਹੀਂ ਕਵੀ ਦਰਬਾਰ ਦਾ ਮੁੱਢ ਬੰਨ੍ਹਿਆਂ। ਹਰਕੋਮਲ ਬਰਿਆਰ ਨੇ “ਜੱਫ਼ੀ” ਕਵਿਤਾ ਰਾਹੀਂ ਮੁਹੱਬਤੀ ਸਾਂਝ ਦਾ ਪ੍ਰਗਟਾਵਾ ਕੀਤਾ। ਫਿਰ ਵਾਰੀ ਆਈ ਪ੍ਰਭਜੋਤ ਸੋਹੀ ਦੀ ,ਜਿਸਨੇ ਸੰਤ ਰਾਮ ਉਦਾਸੀ ਦੇ ਗੀਤ “ਮੇਰੀ ਮੌਤ’ਤੇ ਨਾਂ ਰੋਇਓ ” ਨੂੰ ਤਰੰਨਮ’ਚ ਗਾ ਕੇ ਮਾਹੌਲ ਨੂੰ ਗ਼ਮਗੀਨ ਕਰ ਦਿੱਤਾ। ਸਰਦੂਲ ਸਿੰਘ ਲੱਖਾ ਨੇ “ਉਨ੍ਹਾਂ ਯੋਧਿਆਂ ਦੀ ਗੱਲ ਕਰਨੀ ” ਤੇ ਮੈਂ ਗੁਲਜ਼ਾਰ ਹਾਂ ਕਵਿਤਾਵਾਂ ਰਾਹੀ ਰੰਗ ਬੰਨ੍ਹਿਆ। ਦਵਿੰਦਰ ਬਜ਼ੁਰਗ ਨੇ ਗੀਤ ” ਮੇਲੇ ” ਰਾਹੀਂ ਪ੍ਰਵਾਸ ਦੇ ਵੱਧ ਰਹੇ ਰੁਝਾਨ ‘ਤੇ ਚਿੰਤਾ ਪ੍ਰਗਟਾਈ। ਗੁਰਦੀਪ ਸਿੰਘ ਨੇ ਸੰਤ ਰਾਮ ਉਦਾਸੀ ਨਾਲ ਯਾਦ ਸਾਂਝੀ ਕੀਤੀ।ਇਸ ਦੌਰਾਨ ਹਰਬੰਸ ਸਿੰਘ ਅਖਾੜਾ ਨੇ ਸੰਤ ਰਾਮ ਉਦਾਸੀ ਜੀ ਦੀ ਲਿਖਤਾਂ ਨੂੰ ਲੋਕ ਲਹਿਰਾਂ ਦਾ ਸਿਖਰ ਦੱਸਦਿਆਂ ਖੂਬਸੂਰਤ ਕਵਿਤਾ “ਗੱਲ ” ਨਾਲ ਰੰਗ ਬੰਨ੍ਹਿਆ। ਅਵਤਾਰ ਸਿੰਘ ਨੇ ” ਰਹਿਣ ਦੇ ਨਾਂ ਦੇ ਸਹਾਰਾ ਰਹਿਣ ਦੇ ” ਪੇਸ਼ ਕਰਕੇ ਵਾਹ ਵਾਹ ਖੱਟੀ। ਦਲਜੀਤ ਕੌਰ ਹਠੂਰ ਨੇ ਸੰਤ ਰਾਮ ਉਦਾਸੀ ਦੇ ਗੀਤ” ਕੰਮੀਆਂ ਦੇ ਵਿਹੜੇ ” ਨੂੰ ਆਪਣੇ ਅੰਦਾਜ਼ ਵਿੱਚ ਪੇਸ਼ ਕੀਤਾ।ਮੇਜਰ ਸਿੰਘ ਛੀਨਾ ਨੇ ਫ਼ਸਲੀ ਚੱਕਰ ‘ਚੋਂ ਨਿਕਲਣ ਦਾ ਸੁਨੇਹਾਂ ਦਿੰਦੀ ਕਵਿਤਾ ” ਛੱਡ ਝੋਨੇ ਦਾ ਖਹਿੜਾ” ਪੇਸ਼ ਕੀਤੀ। ਕੁਲਦੀਪ ਸਿੰਘ ਲੋਹਟ ਨੇ ਪੁਸਤਕ ਦਿਵਸ ਮੌਕੇ ਪੁਸਤਕਾਂ ਦੀ ਮਹੱਤਤਾ ‘ਤੇ ਚਾਨਣਾਂ ਪਾਉਣ ਦੇ ਨਿੱਜ਼ੀ ਅਨੁਭਵ ਪੇਸ਼ ਕਰਨ ਦੇ ਨਾਲ-ਨਾਲ ਲੋਕ ਕਵੀ ਸੰਤ ਰਾਮ ਉਦਾਸੀ ਦੀ ਸਾਹਿਤਕ ਕਿਰਤ ਬਾਰੇ ਵਿਚਾਰ ਸਾਂਝੇ ਕੀਤੇ। ਰਾਜਦੀਪ ਤੂਰ ਨੇ ਖੂਬਸੂਰਤ ਗ਼ਜ਼ਲ ” ਮੁਸ਼ਕਿਲਾਂ ਵਿੱਚ ਵੀ ਮੁਸਕਾਉਣਾਂ ਜਾਣਦੇ ” ਪੇਸ਼ ਕਰਕੇ ਸਾਕਾਰਾਤਮਕ ਸੋਚ ਨਾਲ ਜਿਊਣ ਦੀ ਪ੍ਰੇਰਨਾ ਦਿੱਤੀ।ਇਸ ਉਪਰੰਤ ਸਭਾ ਦੇ ਪ੍ਰਧਾਨ ਕਰਮ ਸਿੰਘ ਸੰਧੂ ਨੇ ਸੰਤ ਰਾਮ ਉਦਾਸੀ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਿਆਂ ਸੰਤ ਰਾਮ ਉਦਾਸੀ ਨੂੰ ਲੋਕ ਲਹਿਰਾਂ ਦਾ ਜੁਝਾਰੂ ਯੋਧਾ ਦੱਸਿਆ।ਇਸ ਮੌਕੇ ਜਸਵੰਤ ਸਿੰਘ ਗਿੱਲ ਤੇ ਜੋਗਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਹਰਕੋਮਲ ਬਰਿਆਰ, ਹਰਚੰਦ ਗਿੱਲ, ਪ੍ਰਭਜੋਤ ਸੋਹੀ, ਸਰਦੂਲ ਲੱਖਾ, ਦਵਿੰਦਰ ਬਜ਼ੁਰਗ,ਗੁਰਦੀਪ ਹਠੂਰ ਹਰਬੰਸ ਅਖਾੜਾ, ਅਵਤਾਰ ਜਗਰਾਉਂ, ਦਲਜੀਤ ਕੌਰ ਹਠੂਰ,ਮੇਜਰ ਸਿੰਘ ਛੀਨਾ, ਕੁਲਦੀਪ ਸਿੰਘ ਲੋਹਟ, ਜੋਗਿੰਦਰ ਸਿੰਘ, ਰਾਜਦੀਪ ਤੂਰ,ਕਰਮ ਸਿੰਘ ਸੰਧੂ ਤੇ ਜਸਵੰਤ ਸਿੰਘ ਗਿੱਲ ਆਦਿ ਹਾਜ਼ਰ ਸਨ।ਮੰਚ ਦੀ ਕਾਰਵਾਈ ਰਾਜਦੀਪ ਤੂਰ ਨੇ ਸੁਚੱਜੇ ਢੰਗ ਨਾਲ ਚਲਾਈ।