ਅੰਮਿ੍ਤਸਰ (ਵਿਕਾਸ ਮਠਾੜੂ) ਜ਼ਿਲ੍ਹੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ‘ਮਾਣ ਧੀਆਂ ‘ਤੇ ਸਮਾਜ ਭਲਾਈ ਸੁਸਾਇਟੀ ਅੰਮਿ੍ਤਸਰ ਦੇ ਪ੍ਰਧਾਨ ਅਤੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਨੇ ਅੱਜ ਕਿਤਾਬ ਦਿਵਸ ਮੌਕੇ ਜਾਣਕਾਰੀ ਦਿੰਦਿਆਂ ਕਿਹਾ ਕਿਤਾਬਾਂ ਸਾਡੇ ਜੀਵਨ ‘ਚ ਬਹੁਤ ਮਹੱਤਵਪੂਰਨ ‘ਤੇ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਮਨੁੱਖੀ ਜੀਵਨ ਨੂੰ ਸੁਹਜ ਅਤੇ ਖ਼ੂਬਸੂਰਤ ਬਣਾਉਣ ‘ਚ ਇਹ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਇਹ ਗਿਆਨ ਤੇ ਜਾਣਕਾਰੀ ਦਾ ਅਸੀਮ ਸੋਮਾ ਹਨ ਅਤੇ ਵਿਚਾਰਾਂ ਦੇ ਪ੍ਰਚਾਰ ਦਾ ਸ਼ਕਤੀਸ਼ਾਲੀ ਸਾਧਨ ਹਨ। ਚੰਗੀਆਂ ਪੁਸਤਕਾਂ ਮਨੁੱਖ ਦੀ ਸੋਚ ਦਾ ਦਾਇਰਾ ਵਿਸ਼ਾਲ ਕਰਦੀਆਂ ਹਨ ਅਤੇ ਉਸ ਦੀ ਸ਼ਖ਼ਸੀਅਤ ‘ਚ ਨਿਖਾਰ ਲਿਆਉਂਦੀਆਂ ਹਨ। ਇਹ ਮਨੁੱਖ ਨੂੰ ਜਗਿਆਸੂ ਅਤੇ ਸੁਚੇਤ ਬਣਾਉਂਦੀਆਂ ਹਨ। ਕੋਈ ਮਨੁੱਖ ਕਿਸੇ ਦੀ ਸੰਪਤੀ ਖੋਹ ਸਕਦਾ ਹੈ, ਪਰ ਕਿਤਾਬਾਂ ਤੋਂ ਪ੍ਰਰਾਪਤ ਗਿਆਨ ਨਹੀਂ ਖੋਹਿਆ ਜਾ ਸਕਦਾ। ਜਿੰਨੀਆਂ ਜ਼ਿਆਦਾ ਪੁਸਤਕਾਂ ਅਸੀਂ ਪੜਾਂ੍ਹਗੇ, ਓਨਾ ਹੀ ਸਾਡਾ ਸ਼ਬਦ ਭੰਡਾਰ ਵਧੇਗਾ। ਇਹ ਅਜਿਹੀਆਂ ਮਿੱਤਰ ਹੁੰਦੀਆਂ ਹਨ, ਜੋ ਸਾਡੇ ਮਨ ਦੀਆਂ ਉਦਾਸੀਆਂ, ਕੁੜੱਤਣਾਂ ਅਤੇ ਨਾਂਹ-ਪੱਖੀ ਵਿਚਾਰਾਂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦੀਆਂ ਹਨ। ਇਹ ਸਾਡੇ ਹੁਨਰ ਨੂੰ ਵਿਕਸਤ ਕਰਦੀਆਂ ਹਨ ਤੇ ਸਾਨੂੰ ਸਾਡੇ ਇਤਿਹਾਸ, ਸੰਸਕ੍ਰਿਤੀ, ਸੱਭਿਆਚਾਰ, ਪਰੰਪਰਾਵਾਂ, ਕਦਰਾਂ-ਕੀਮਤਾਂ, ਰਾਜਨੀਤਕ, ਆਰਥਿਕ ਅਤੇ ਸਮਾਜਿਕ ਰਹੁ-ਰੀਤਾਂ ਤੋਂ ਜਾਣੂ ਕਰਵਾਉਂਦੀਆਂ ਹਨ। ਕਿਤਾਬਾਂ ਮਨੁੱਖ ਦੀਆਂ ਮਿੱਤਰ ਬਣ ਕੇ ਉਸ ਨੂੰ ਸਹਾਰਾ ਦਿੰਦੀਆਂ ਹਨ। ਕਿਤਾਬਾਂ ਸਾਡੇ ਸ਼ਬਦ ਭੰਡਾਰ ਨੂੰ ਅਮੀਰ ਬਣਾਉਂਦੀਆਂ ਹਨ। ਕਿਤਾਬਾਂ ਪੜ੍ਹਣ ਨਾਲ ਸਾਡੀ ਕਲਪਨਾ ਸ਼ਕਤੀ ਅਤੇ ਯਾਦਸ਼ਕਤੀ ਵਿਕਸਤ ਹੁੰਦੀਆਂ ਹਨ। ਕੁਝ ਕਿਤਾਬਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਸਾਡੇ ਮਨਾਂ ‘ਚ ਜ਼ਹਿਰ ਘੋਲ ਸਕਦੀਆਂ ਹਨ, ਕਿਉਂਕਿ ਉਨਾਂ੍ਹ ‘ਚ ਅਜਿਹੇ ਵਿਚਾਰ ਵੀ ਦਰਜ ਹੁੰਦੇ ਹਨ ਜੋ ਸਮਾਜ, ਦੇਸ਼ਾਂ ਅਤੇ ਵੱਖ-ਵੱਖ ਫਿਰਕਿਆਂ ‘ਚ ਕੁੜੱਤਣ ਪੈਦਾ ਕਰਦੇ ਹਨ। ਇਸ ਲਈ ਕਿਤਾਬਾਂ ਦੀ ਚੋਣ ਕਰਨ ਵੇਲੇ ਸੁਚੇਤ ਰਹਿਣਾ ਚਾਹੀਦਾ ਹੈ। ਚੰਗੀਆਂ ਕਿਤਾਬਾਂ ਤੇ ਉਨਾਂ੍ਹ ਵਿਚਲੇ ਬਹੁਮੁੱਲੇ ਵਿਚਾਰ ਇਹ ਚੇਤਨ ਅਤੇ ਨਰੋਏ ਸਮਾਜ ਦਾ ਨਿਰਮਾਣ ਕਰਦੇ ਹਨ ਅਤੇ ਪੁਸਤਕਾਂ ਤੋਂ ਬਿਨਾਂ ਮਨੁੱਖੀ ਬੇਰੰਗ ਹੈ।