ਚੰਡੀਗੜ੍ਹ, 13 ਫਰਵਰੀ (ਭਗਵਾਨ ਭੰਗੂ-ਲਿਕੇਸ਼ ਸ਼ਰਮਾ): ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਉਣ ਦਾ ਅਹਿਦ ਦੁਹਰਾਉਂਦਿਆਂ ਕਿਹਾ ਕਿ ਸੂਬੇ ਵਿੱਚ ਵੱਡੀਆਂ ਕੰਪਨੀਆਂ 40 ਹਜ਼ਾਰ ਕਰੋੜ ਦੇ ਲਗਭਗ ਨਿਵੇਸ਼ ਕਰਨਗੀਆਂ, ਜਿਸ ਤਹਿਤ 2 ਲੱਖ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਮੁੱਖ ਮੰਤਰੀ ਨੇ ਸੋਮਵਾਰ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਿਛਲੀਆਂ ਸਰਕਾਰਾਂ ਉਪਰ ਪੰਜਾਬ ਵਿਚੋਂ ਉਦਯੋਗਾਂ ਨੂੰ ਖਦੇੜਨ ਦਾ ਵੀ ਦੋਸ਼ ਲਾਇਆ। ਮਾਨ ਨੇ ਕਿਹਾ ਕਿ ਮੋਹਾਲੀ ਵਿੱਚ 23 ਅਤੇ 24 ਫਰਵਰੀ ਨੂੰ ਨਿਵੇਸ਼ ਸੰਮੇਲਨ ਹੋਣ ਜਾ ਰਿਹਾ ਹੈ, ਸਾਨੂੰ ਉਮੀਦ ਹੈ ਕਿ ਅਸੀਂ 10 ਮਹੀਨਿਆਂ ਵਿੱਚ ਲਿਆਂਦੇ ਨਿਵੇਸ਼ ਦੀ ਰਕਮ ਨੂੰ ਦੁੱਗਣਾ ਕਰ ਦੇਵਾਂਗੇ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਪੰਜਾਬ ਵਿਚੋਂ ਉਦਯੋਗ ਚਲਾ ਗਿਆ, ਪਰੰਤੂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੈਂ ਖੁਦ ਨਿਵੇਸ਼ ਲਈ ਚੇਨਈ, ਬੰਗਲੌਰ, ਮੁੰਬਈ ਅਤੇ ਜਰਮਨੀ ਵਿੱਚ ਉਦਯੋਗਪਤੀਆਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਆ ਕੇ ਪੰਜਾਬ ਵਿੱਚ ਨਿਵੇਸ਼ ਕਰਨ, ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਦਾ ਪੂਰਾ ਸਹਿਯੋਗ ਕਰੇਗੀ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ 40000 ਕਰੋੜ ਦਾ ਨਿਵੇਸ਼ ਹੋਵੇਗਾ, ਜਿਸ ਤਹਿਤ 2.5 ਲੱਖ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ, ਜੋ ਕਿ ਬੁਨਿਆਦੀ ਢਾਂਚੇ, ਨਿਰਮਾਣ, ਟੈਕਸਟਾਈਲ ਅਤੇ ਖੇਤੀਬਾੜੀ ਨਾਲ ਸਬੰਧਤ ਖੇਤਰਾਂ ਵਿੱਚ ਨੌਕਰੀਆਂ ਉਪਲਬਧ ਹੋਣਗੀਆਂ।ਮੁੱਖ ਮੰਤਰੀ ਨੇ ਕਿਹਾ ਕਿ ਰੀਅਲ ਅਸਟੇਟ, ਰਿਹਾਇਸ਼ ਅਤੇ ਬੁਨਿਆਦੀ ਢਾਂਚੇ ‘ਚ ਆਵੇਗਾ 12000 ਕਰੋੜ ਦਾ ਨਿਵੇਸ਼, ਜਦਕਿ 1.25 ਲੱਖ ਨੌਕਰੀਆਂ ਮਿਲਣਗੀਆਂ, ਨਿਰਮਾਣ ਖੇਤਰ ‘ਚ ਹੋਵੇਗਾ 7000 ਕਰੋੜ ਦਾ ਨਿਵੇਸ਼ ਅਤੇ 42000 ਨੌਜਵਾਨਾਂ ਨੂੰ ਮਿਲਣਗੀਆਂ ਨੌਕਰੀਆਂ, ਅਲਾਏ ਸਟੀਲ ਸੈਕਟਰ ਪੰਜਾਬ ‘ਚ ਕਰੇਗਾ 4000 ਕਰੋੜ ਦਾ ਨਿਵੇਸ਼ ਅਤੇ 10000 ਨੌਜਵਾਨਾਂ ਨੂੰ ਮਿਲਣਗੀਆਂ ਨੌਕਰੀਆਂ, ਟੈਕਸਟਾਈਲ ਸੈਕਟਰ ‘ਚ ਵੀ ਹੋਵੇਗਾ ਵੱਡਾ ਨਿਵੇਸ਼, ਕਰੀਬ 3.5 ਹਜ਼ਾਰ ਕਰੋੜ ਦਾ ਨਿਵੇਸ਼ ਹੋਵੇਗਾ ਅਤੇ 14000 ਤੋਂ ਵੱਧ ਨੌਜਵਾਨਾਂ ਨੂੰ ਮਿਲਣਗੀਆਂ ਨੌਕਰੀਆਂ, ਫੂਡ ਪ੍ਰੋਸੈਸਿੰਗ ਸੈਕਟਰ ‘ਚ ਖੇਤੀ ‘ਚ ਹੋਵੇਗਾ 3000 ਕਰੋੜ ਦਾ ਨਿਵੇਸ਼ ਅਤੇ 16000 ਤੋਂ ਵੱਧ ਨੌਜਵਾਨਾਂ ਨੂੰ ਮਿਲਣਗੀਆਂ ਨੌਕਰੀਆਂ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਦੀ ਅਮਨ-ਕਾਨੂੰਨ ਵਿਵਸਥਾ ਤੇਜ਼ੀ ਨਾਲ ਸੁਧਰ ਰਹੀ ਹੈ, ਅਸੀਂ ਲਾਲ ਫੀਤਾਸ਼ਾਹੀ ਨੂੰ ਖਤਮ ਕਰ ਦਿੱਤਾ ਹੈ, ਸਿੰਗਲ ਵਿੰਡੋ ਸਿਸਟਮ ਬਣਾਇਆ ਹੈ, ਜਿਸ ਨਾਲ ਨਿਵੇਸ਼ਕਾਂ ਵਿੱਚ ਅੱਜ ਨਵਾਂ ਭਰੋਸਾ ਪੈਦਾ ਹੋਇਆ ਹੈ।ਸਾਡੀ ਨੀਅਤ ਸਾਫ਼ ਹੈ, ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੋਈ ਕਸਰ ਨਹੀਂ ਛੱਡਾਂਗੇ, ਅਰਵਿੰਦ ਕੇਜਰੀਵਾਲ ਜੀ ਅਤੇ ਮੈਂ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਵਿੱਚ ਨਿਵੇਸ਼ ਵਾਪਸ ਲਿਆਵਾਂਗੇ ਅਤੇ ਦਸ ਮਹੀਨਿਆਂ ਬਾਅਦ ਅਸੀਂ ਦੋਵਾਂ ਦਾ ਸੁਪਨਾ ਸਾਕਾਰ ਹੋਇਆ ਹੈ। ਅਜਿਹਾ ਹੋ ਰਿਹਾ ਹੈ, ਦੇਸ਼ ਭਰ ਤੋਂ ਲੋਕ ਸਾਡੇ ਪੰਜਾਬ ਵਿੱਚ ਨਿਵੇਸ਼ ਕਰਨ ਆ ਰਹੇ ਹਨ ਅਤੇ ਸਾਡੀ ਸਰਕਾਰ ਵਿੱਚ ਵਿਸ਼ਵਾਸ ਪ੍ਰਗਟ ਕਰ ਰਹੇ ਹਨ।
