ਮੰਡੀ ਕਲਾ (ਭਗਵਾਨ ਭੰਗੂ- ਲਿਕੇਸ ਸ਼ਰਮਾ ) ਪਿੰਡ ਮੰਡੀ ਕਲਾਂ ਵਿਚ ਸ਼ਰੇਆਮ ਵਿਕ ਰਹੇ ਚਿੱਟੇ ਵਰਗੇ ਖ਼ਤਰਨਾਕ ਨਸ਼ਿਆਂ ਤੋ ਅੱਕੇ ਮੰਡੀ ਕਲਾਂ ਵਾਸੀਆਂ ਨੇ ਨਸ਼ਿਆਂ ਖਿਲਾਫ ਆਰ ਪਾਰ ਦੀ ਲੜਾਈ ਲੜਣ ਦਾ ਮਨ ਬਣਾ ਲਿਆ ਹੈ ਜਿਸ ਦੇ ਤਹਿਤ ਅੱਜ ਮੰਡੀ ਕਲਾਂ ਦੇ ਸਾਬਕਾ ਸਰਪੰਚਾਂ, ਮੈਂਬਰਾਂ, ਪੰਚਾਂ, , ਸਮੂਹ ਕਲੱਬਾਂ, ਸਮੂਹ ਕਿਸਾਨ ਯੂਨੀਅਨਾਂ ਤੇ ਪਿੰਡ ਵਾਸੀਆਂ ਵੱਲੋਂ ਪੰਚਾਇਤ ਦਫਤਰ ਵਿਖੇ ਇਕ ਵਿਸ਼ਾਲ ਇਕੱਠ ਰੱਖਿਆ ਗਿਆ। ਇਸ ਇਕੱਠ ਵਿਚ ਵੱਡੀ ਗਿਣਤੀ ‘ਚ ਪਿੰਡ ਵਾਸੀ ਸ਼ਾਮਿਲ ਹੋਏ ਜਿਨ੍ਹਾਂ ਨੂੰ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਨੌਜਵਾਨੀ ਨੂੰ ਬਚਾਉਣਾ ਹੈ ਤਾਂ ਲੋਕਾਂ ਨੂੰ ਮੌਤ ਦਾ ਡਰ ਛੱਡ ਕੇ ਨਸ਼ਿਆਂ ਖਿਲਾਫ ਨੰਗੇ ਧੜ ਲੜਾਈ ਲੜਣੀ ਪੈਣੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਪੰਜਾਬੀਆਂ ਨੂੰ ਮਾਰ ਰਹੇ ਚਿੱਟਾ ਵੇਚਣ ਵਾਲਿਆਂ ਖਿਲਾਫ ਕੋਈ ਸਖਤ ਐਕਸ਼ਨ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਚਿੱਟੇ ਦੀਆਂ ਗੰਢਾਂ ਖੋਲਣ ਦੀਆ ਗੱਲਾਂ ਕਰ ਰਹੇ ਹਨ ਉਦੋਂ ਤੱਕ ਤਾ ਘਰ ਘਰ ਵਿੱਚ ਨੌਜਵਾਨੀ ਦੇ ਸਿਵੇ ਬਲ ਚੁੱਕੇ ਹੋਣਗੇ।
ਇਸ ਦੌਰਾਨ ਪਿੰਡ ਦੇ ਲੋਕਾਂ ਵੱਲੋ ਸਾਰੇ ਪਿੰਡ ਵਿੱਚ ਰੈਲੀ ਕੱਢ ਕੇ ਚਿੱਟਾ ਪੀਣ ਵਾਲਿਆਂ ਤੇ ਵੇਚਣ ਵਾਲਿਆਂ ਦੇ ਘਰ ਘਰ ਵੀ ਜਾਇਆ ਗਿਆ ਅਤੇ ਨਸ਼ਾ ਨਾ ਕਰਨ ਤੇ ਨਾ ਵੇਚਣ ਲਈ ਕਿਹਾ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਨਸ਼ਾ ਵੇਚਣ ਵਾਲਿਆਂ ਤੇ ਅਪੀਲਾਂ ਦਲੀਲਾਂ ਦਾ ਅਸਰ ਨਾ ਹੋਇਆ ਤਾਂ ਫਿਰ ਨਸ਼ਾ ਤਸਕਰਾਂ ਖਿਲਾਫ਼ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। ਇਸ ਮੌਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਇਸ ਮੌਕੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਬਲਰਾਜ ਸਿੰਘ ਬਾਜਾ, ਸੀਨੀਅਰ ਆਗੂ ਗੁਰਵਿੰਦਰ ਸਿੰਘ ਦੀਪੂ ਮੰਡੀ ਕਲਾਂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਰੋੜੀ ਵਾਲਾ, ਕਿਸਾਨ ਯੂਨੀਅਨ ਡਕੌਂਦਾ ਦੇ ਨਿਰਮਲ ਸਿੰਘ ਬੂਸਰ, ਸੁਰਜੀਤ ਸਿੰਘ ਰੋਮਾਣਾ, ਆਮ ਆਦਮੀ ਪਾਰਟੀ ਦੇ ਆਗੂ ਨਿਰਮਲ ਸਿੰਘ ਨਿਆਜ, ਡਾਕਟਰ ਵੈਟਨਰੀ ਸੁਖਵਿੰਦਰ ਸਿੰਘ, ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਗੁਰਦੀਪ ਸਿੰਘ ਔਲਖ, ਪੰਜਾਬ ਦੇ ਵਾਰਸ ਜੱਥੇਬੰਦੀ ਦੇ ਹਰਵਿੰਦਰ ਸਿੰਘ ਕਾਕਾ, ਸੁਖਪਾਲ ਸਿੰਘ ਪਾਲੀ ਆਦਿ ਸ਼ਾਮਿਲ ਸਨ।
