ਬਠਿੰਡਾ (ਬੋਬੀ ਸਹਿਜਲ- ਮੋਹਿਤ ਜੈਨ) ਸਿਹਤ ਵਿਭਾਗ ਵਲੋਂ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਿਢੱਲੋਂ ਦੀ ਦੇਖ-ਰੇਖ ਹੇਠ ਸੰਪੂਰਨ ਟੀਕਾਕਰਨ ਮੁਹਿੰਮ ਤਹਿਤ 13 ਫਰਵਰੀ ਤੋਂ 17 ਫਰਵਰੀ ਤਕ ਵਿਸ਼ੇਸ਼ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਡਾ. ਿਢੱਲੋਂ ਵਲੋਂ ਸੀਐਚਸੀ ਨਥਾਣਾ, ਸੀਐਚਸੀ ਭਗਤਾ ਤੇ ਆਮ ਆਦਮੀ ਕਲੀਨਿਕ ਦਿਆਲਪੁਰਾ ਮਿਰਜ਼ਾ ਵਿਖੇ ਵੈਕਸੀਨੇਸ਼ਨ ਕੈਂਪਾਂ ਤੇ ਸੰਸਥਾ ਦੇ ਸਮੁੱਚੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸੰਪੂਰਨ ਟੀਕਾਕਰਨ ਯਕੀਨੀ ਬਣਾਉਣ ਲਈ ਵਿਸ਼ੇਸ਼ ਟੀਕਾਕਰਨ ਕੈਂਪ ਜ਼ਿਲ੍ਹੇ ਵਿਚ ਲਗਾਏ ਜਾ ਰਹੇ ਹਨ, ਜਿਸਦਾ ਮੁੱਖ ਉਦੇਸ਼ 0 ਤੋਂ 5 ਸਾਲ ਤਕ ਦੇ ਬੱਚਿਆਂ ਅਤੇ ਗਰਭਵਤੀ ਅੌਰਤਾਂ ਦੇ ਟੀਕਾਕਰਨ ਨੂੰ ਮਜ਼ਬੂਤ ਕਰਨਾ ਹੈ। ਇਸ ਟੀਚੇ ਤਹਿਤ 5 ਸਾਲ ਤੋਂ ਘੱਟ ਉਮਰ ਦੇ ਬੱਚੇ ਜਾਂ ਅੰਸ਼ਿਕ ਤੌਰ ‘ਤੇ ਟੀਕਾਕਰਨ ਤੋਂ ਵਾਂਝੇ ਅਤੇ ਟੀਕਾਕਰਨ ਤੋਂ ਰਹਿਤ ਜਾਂ ਅੰਸ਼ਿਕ ਤੌਰ ‘ਤੇ ਟੀਕਾਕਰਨ ਵਾਲੀਆਂ ਗਰਭਵਤੀ ਅੌਰਤ ਲਾਭਪਾਤਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਜਿਸ ਦੌਰਾਨ ਖਾਸ ਖੇਤਰਾਂ ਨੂੰ ਨਿਸ਼ਾਨੇ ਵਜੋਂ ਮਿੱਥਿਆ ਗਿਆ ਹੈ, ਨੂੰ ਪਹਿਲ ਦੇ ਆਧਾਰ ਉਤੇ ਕਵਰ ਕੀਤਾ ਜਾਵੇਗਾ, ਜਿਵੇਂ ਉੱਚ ਜ਼ੋਖਮ ਵਾਲੇ ਖੇਤਰਾਂ ਖਾਨਾਬਦੋਸ਼ ਸਾਈਟਾਂ, ਇੱਟਾਂ ਦੇ ਭੱਠੇ ਬਣਾਉਣ ਵਾਲੀਆਂ ਥਾਵਾਂ, ਸ਼ਹਿਰੀ ਖੇਤਰਾਂ ‘ਚ ਖਾਸ ਕਰ ਝੁੱਗੀਆਂ ਝੌਂਪੜੀਆਂ, ਅਨਾਥ ਆਸ਼ਰਮ, ਜੇਲ੍ਹਾਂ, ਦਰਿਆਈ ਖੇਤਰ, ਖੇਤੀਬਾੜੀ ਲਈ ਪ੍ਰਵਾਸ ਖੇਤਰ ਜਾਂ ਅਜਿਹੀਆਂ ਥਾਵਾਂ ਜੋ ਸਬ-ਸੈਂਟਰਾਂ ਤੋਂ ਦੂਰ ਪਹੁੰਚ ਵਾਲੀਆਂ ਹਨ ਅਤੇ ਵੈਕਸੀਨ ਦਾ ਪਹੁੰਚਣਾ ਮੁਸ਼ਕਿਲ ਹੁੰਦਾ ਹੈ। ਇਸ ਤੋਂ ਇਲਾਵਾ ਨਵਜੰਮੇ ਬੱਚੇ ਜਿਨਾਂ੍ਹ ਦੀ ਘਰ ਵਿਚ ਡਲਿਵਰੀ ਹੋਈ ਹੈ ਅਤੇ ਜਨਮ ਦੀਆਂ ਖੁਰਾਕਾਂ ਖੁੰਝ ਗਈਆਂ ਸਨ, ਇਸ ਮੁਹਿੰਮ ਦੇ ਲਾਭਪਾਤਰੀ ਹੋਣਗੇ। ਇਸ ਮੁਹਿੰਮ ਨੂੰ 100 ਫੀਸਦੀ ਯਕੀਨੀ ਬਣਾਉਣ ਲਈ ਅਗਾਊਂ ਵਿਉਂਤਬੰਦੀ ਜਿਵੇਂ ਅਧੂਰਾ ਟੀਕਾਕਰਨ ਵਾਲੇ ਬੱਚਿਆਂ ਦੀ ਸ਼ਨਾਖਤ ਕਰਨ ਉਪਰੰਤ ਸੂਚੀ ਤਿਆਰ ਕਰਵਾ ਕੇ ਸੰਪੂਰਨ ਟੀਕਾਕਰਨ ਕੀਤਾ ਜਾਵੇਗਾ ਅਤੇ ਜਿਨਾਂ੍ਹ ਖੇਤਰਾਂ ਵਿਚ ਟੀਕਕਾਰਨ ਘੱਟ ਹੈ, ਉਨਾਂ੍ਹ ਦੀ ਵਿਸ਼ੇਸ਼ ਸ਼ਨਾਖਤ ਕੀਤੀ ਗਈ ਹੈ। ਉਨਾਂ੍ਹ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲ੍ਹੇ ਅੰਦਰ ਲੋਕਾਂ ਨੂੰ ਵੱਧ ਤੋਂ ਵੱਧ ਟੀਕਾਕਰਨ ਕਰਾਉਣ ਲਈ ਪੇ੍ਰਿਤ ਕੀਤਾ ਜਾ ਰਿਹਾ ਹੈ। ਉਨਾਂ੍ਹ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਵੀ ਕੀਤੀ ਕਿ ਕਿਸੇ ਵੀ ਕਾਰਨ ਕਰਕੇ ਟੀਕਾਕਰਨ ਤੋਂ ਵਾਂਝੇ ਇਨਾਂ੍ਹ ਬੱਚਿਆਂ ਨੂੰ ਇਸ ਮੁਹਿੰਮ ਦੌਰਾਨ ਟੀਕਾਕਰਨ ਕਰਵਾਇਆ ਜਾ ਸਕੇ ਤਾਂ ਜੋ ਬੱਚਿਆਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਸੁਰੱਖਿਅਤ ਕੀਤਾ ਜਾ ਸਕੇ।
