ਲੁਧਿਆਣਾ (ਬਿਊਰੋ) ਵਿਆਹੁਤਾ ‘ਤੇ ਉਬਲਦਾ ਹੋਇਆ ਤੇਲ ਸੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਰੂਪ ਵਿਚ ਝੁਲਸੀ ਵਿਆਹੁਤਾ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਿਸ ਨੇ ਵਿਕਾਸ ਨਗਰ ਦੁੱਗਰੀ ਦੀ ਰਹਿਣ ਵਾਲੀ ਸਿਮਰਨਪ੍ਰੀਤ ਕੌਰ ਦੇ ਬਿਆਨ ਉੱਪਰ ਉਸ ਦੇ ਪਤੀ ਸਰਾਭਾ ਨਗਰ ਦੇ ਵਾਸੀ ਅਜੈ ਪਾਲ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਥਾਣਾ ਦੁੱਗਰੀ ਦੀ ਪੁਲਿਸ ਨੂੰ ਬਿਆਨ ਦਿੰਦਿਆਂ ਵਿਕਾਸ ਨਗਰ ਦੀ ਰਹਿਣ ਵਾਲੀ ਸਿਮਰਨਪ੍ਰੀਤ ਕੌਰ ਨੇ ਦੱਸਿਆ ਕਿ ਚਾਰ ਸਾਲ ਪਹਿਲੋਂ ਉਸ ਦਾ ਵਿਆਹ ਆਟੋ ਪਾਰਟਸ ਦਾ ਕੰਮ ਕਰਨ ਵਾਲੇ ਅਜੈ ਪਾਲ ਨਾਲ ਹੋਇਆ ਸੀ। ਤਕਰੀਬਨ ਇੱਕ ਸਾਲ ਬਾਅਦ ਉਸ ਨੇ ਬੇਟੀ ਨੂੰ ਜਨਮ ਦਿੱਤਾ। ਲੜਕੀ ਦੇ ਜਨਮ ਤੋਂ ਬਾਅਦ ਉਸਦੇ ਸਹੁਰੇ ਪਰਿਵਾਰ ਦੇ ਅੱਤਿਆਚਾਰ ਵਧ ਗਏ। ਸਹੁਰੇ ਪਰਿਵਾਰ ਦੇ ਤਸੀਹਿਆਂ ਤੋਂ ਤੰਗ ਆਈ ਵਿਆਹੁਤਾ ਆਪਣੀ ਤਿੰਨ ਵਰ੍ਹਿਆਂ ਦੀ ਧੀ ਨਾਲ ਵਿਕਾਸ ਨਗਰ ਇਲਾਕੇ ਵਿਚ ਰਹਿਣ ਲੱਗ ਪਈ। ਵਿਆਹੁਤਾ ਨੇ ਦੱਸਿਆ ਕਿ ਸ਼ਾਮ ਵੇਲੇ ਉਸ ਦਾ ਪਤੀ ਅਜੇਪਾਲ ਉਨ੍ਹਾਂ ਦੇ ਘਰ ਵਿੱਚ ਆਇਆ ਤੇ ਲੜਾਈ ਝਗੜਾ ਕਰਨ ਲੱਗ ਪਿਆ। ਬੁਰੀ ਤਰ੍ਹਾਂ ਗੁੱਸੇ ਵਿੱਚ ਆਏ ਅਜੇ ਪਾਲ਼ ਨੇ ਫਰਾਈ ਪੈਨ ਵਿੱਚ ਗਰਮ ਹੋ ਰਿਹਾ ਤੇਲ ਸਿਮਰਨ ਪ੍ਰੀਤ ਉੱਪਰ ਪਾ ਦਿੱਤਾ। ਬੁਰੀ ਤਰ੍ਹਾਂ ਝੁਲਸੀ ਵਿਆਹੁਤਾ ਨੂੰ ਹਸਪਤਾਲ ਲਿਜਾਂਦਾ ਗਿਆ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਧਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਜੇਪਾਲ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।