ਗੁਰਦਾਸਪੁਰ (ਬੋਬੀ ਸਹਿਜਲ-ਧਰਮਿੰਦਰ ) ਸਦਰ ਥਾਨਾ ਗੁਰਦਾਸਪੁਰ ਦੇ ਅਧੀਨ ਆਉਂਦੇ ਪਿੰਡ ਰਾਜਪੁਰਾ ਦੀਆਂ ਮੜੀਆਂ ਵਿੱਚ ਚਿੱਟਾ ਪੀਣ ਆਏ ਦੋ ਨੋਜਵਾਨਾਂ ਨੂੰ ਪਿੰਡ ਵਾਸੀਆਂ ਨੇ ਕਾਬੂ ਕਰਕੇ ਮੌਕੇ ਉੱਤੇ ਪਹੁੰਚੀ ਪੁਲਿਸ ਦੇ ਹਵਾਲੇ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਰਾਜਪੁਰਾ ਦੇ ਨੋਜਵਾਨ ਪ੍ਰਦੀਪ ਸਿੰਘ, ਜੋਗਾ ਸਿੰਘ, ਸਾਬਕਾ ਸਰਪੰਚ ਸੁਭਾਸ ਚੰਦਰ, ਮਹਿੰਦਰਪਾਲ, ਹਰਜਿੰਦਰ ਸਿੰਘ, ਰਣਧੀਰ ਸਿੰਘ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਨੋਜਵਾਨਾਂ ਵੱਲੋਂ ਇੱਕ ਟੀਮ ਬਣਾਈ ਗਈ ਹੈ ਜੋ ਕਿ ਪਿੰਡ ਦੇ ਬਾਹਰਵਾਰ ਪੈਂਦੀਆਂ ਮੜੀਆਂ ਵਿੱਚ ਨਸ਼ਾ ਕਰਨ ਲਈ ਬਾਹਰੋਂ ਆਉਣ ਵਾਲੇ ਨਸ਼ੇੜੀਆਂ ਉੱਤੇ ਨਜ਼ਰ ਰੱਖਦੇ ਹਨ ਤੇ ਜਦੋਂ ਵੀ ਕੋਈ ਅਜਿਹੀ ਘਟਨਾ ਹੁੰਦੀ ਹੈ ਤਾਂ ਸਾਰੇ ਜਣੇ ਇਕੱਠੇ ਹੋ ਕੇ ਇਹਨਾਂ ਨੂੰ ਫੜਨ ਦੀ ਕੋਸਿਸ ਕਰਦੇ ਹਨ। ਅੱਜ ਵੀ ਦੋ ਨੋਜਵਾਨ ਪਿੰਡ ਦੀਆਂ ਮੜੀਆਂ ਕੋਲ ਆਪਣੀ ਮੋਪਿਡ ਨੰਬਰ ਪੀਬੀ06ਏਐੱਸ8237 ਲਗਾ ਕੇ ਮੜੀਆਂ ਵਿੱਚ ਚਿੱਟਾ ਲਗਾਉਣ ਲਈ ਵੜ ਗਏ ਤੇ ਪਿੰਡ ਵਾਸੀਆਂ ਵੱਲੋਂ ਇਨ੍ਹਾਂ ਨੂੰ ਮੌਕੇ ਉੱਤੇ ਫੜ ਲਿਆ। ਫੜੇ ਗਏ ਨੋਜਵਾਨ ਬਾਹਰਲੇ ਪਿੰਡ ਦੇ ਸਨ ਤੇ ਉਨ੍ਹਾਂ ਨੇ ਪਿੰਡ ਵਾਸੀਆਂ ਦੇ ਸਾਹਮਣੇ ਇਹ ਕਬੂਲ ਕੀਤਾ ਕਿ ਉਹ ਪਿੰਡ ਜੌੜਾ ਛੱਤਰਾਂ ਤੋਂ ਇਹ ਚਿੱਟਾ ਇੱਕ ਔਰਤ ਕੋਲੋ ਖਰੀਦ ਕੇ ਲਿਆਏ ਹਨ ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਪਿੰਡ ਜੌੜਾ ਛੱਤਰਾਂ ਵਿੱਚ ਅਜੇ ਵੀ ਕੁਝ ਨਸ਼ੇ ਦੇ ਸੋਦਾਗਰ ਅਜਿਹੇ ਹਨ ਜੋ ਹਾਲੇ ਵੀ ਚਿੱਟਾ ਵੇਚਣ ਤੋਂ ਗੁਰੇਜ ਨਹੀ ਕਰ ਰਹੇ। ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਿੱਟੇ ਨੂੰ ਜੜ੍ਹ ਤੋਂ ਖ਼ਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਅਜੇ ਤਕ ਜੋੜਾ ਛੱਤਰਾਂ ਵਿੱਚ ਨਸ਼ੇ ਦੀ ਸਪਲਾਈ ਉੱਤੇ ਪੂਰੀ ਤਰ੍ਹਾਂ ਰੋਕ ਨਹੀ ਲੱਗ ਸਕੀ, ਜਿਸ ਤੋਂ ਜਾਹਿਰ ਹੁੰਦਾ ਹੈ ਕਿ ਨਸ਼ੇ ਦਾ ਗੋਰਖਧੰਦਾ ਕਰਨ ਵਾਲਿਆਂ ਦੀ ਪਹੁੰਚ ਉਪਰ ਤਕ ਹੈ ਜੋ ਬਿਨਾਂ ਖੋਫ ਤੇ ਡਰ ਦੇ ਦਿਨ ਵੇਲੇ ਵੀ ਨਸ਼ਾ ਵੇਚਣ ਤੋਂ ਗੁਰੇਜ ਨਹੀ ਕਰ ਰਹੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪਿੰਡਾਂ ਵਿੱਚ ਨਸ਼ਾ ਵੇਚਣ ਵਾਲਿਆ ਦੇ ਖਿਲਾਫ ਸਖਤ ਕਦਮ ਉਠਾਏ ਜਾਣ ਤਾਂ ਜੋ ਨੋਜਵਾਨ ਪੀੜੀ ਨੂੰ ਨਸ਼ੇਦੀ ਇਸ ਦਲਦਲ ਤੋਂ ਬਚਾਇਆ ਜਾ ਸਕੇ। ਜਦੋਂ ਇਸ ਸੰਬੰਧੀ ਮੌਕੇ ਉੱਤੇ ਮੌਜੂਦ ਪੁਲਿਸ ਕਰਮੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਵੱਲੋਂ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।