Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਧਰਮ ਦੇ ਨਾਂ ’ਤੇ ਵਿਵਾਦ ਕਦੋਂ ਤੱਕ ?

ਨਾਂ ਮੈਂ ਕੋਈ ਝੂਠ ਬੋਲਿਆ..?
ਧਰਮ ਦੇ ਨਾਂ ’ਤੇ ਵਿਵਾਦ ਕਦੋਂ ਤੱਕ ?

49
0

 ਮਨੁੱਖ ਨੇ ਹਮੇਸ਼ਾ ਹੀ ਧਰਮ ਵਿੱਚ ਵਿਸ਼ਵਾਸ਼ ਰੱਖਿਆ ਪਰ ਧਰਮ ਦੇ ਨਾਂ ਤੇ ਹਮੇਸ਼ਾ ਤੋਂ ਆਪਸ ਵਿਚ ਟਕਰਾਉਂਦਾ ਰਿਹਾ ਹੈ। ਆਪਣਾ ਜੀਵਨ ਸਫਲ ਬਨਾਉਣ ਅਤੇ ਮਨ ਦੀ ਸ਼ਾਂਤੀ ਲਈ ਮਨੁੱਖ ਯੁਗਾਂ-ਯੁਗਾਂਤਰਾਂ ਤੱਕ ਭਟਕਦਾ ਰਿਹਾ। ਜਿਸ ਨੂੰ ਪ੍ਰਾਪਤ ਕਰਨ ਲਈ ਉਹ ਕਦੇ ਧਰਮ ਦੀ ਸ਼ਰਣ ਵਿੱਚ ਜਾਂਦਾ ਹੈ ਅਤੇ ਕਦੇ ਜਾਦੂ-ਟੂਣਿਆਂ ਵੱਲ ਹੋ ਤੁਰਦਾ ਹੈ। ਪਰ ਇਸ ਸੰਸਾਰ ਦੇ ਧਰਮ ਗੁਰੂ ਅਤੇ ਧਰਮ ਗ੍ਰੰਥ ਇਸ ਸਿ੍ਰਸ਼ਟੀ ਦੇ ਰਚਨਹਾਰ ਅਤੇ ਸਿ੍ਰਸ਼ਟੀ ਨੂੰ ਚਲਾਉਣ ਵਾਲੀ ਸ਼ਕਤੀ ਨੂੰ ਇਕੋ ਮੰਨਦੇ ਹਨ। ਭਾਵੇਂ ਅਸੀਂ ਆਪੋ ਆਪਣੇ ਅਲੱਗ ਧਰਮ ਅਨੁਸਾਰ ਵੱਖਰੇ ਵੱਖਰੇ ਢੰਗ ਤਰੀਕੇ ਨਾਲ ਭਗਵਾਨ ਮੰਨਦੇ ਹਾਂ ਅਤੇ ਸਭ ਧਰਮਾਂ ਅਨੁਸਾਰ ਉਸ ਅਕਾਲ ਪੁਰਖ ਦੇ ਵੱਖ ਵੱਖ ਨਾਮ ਨਾਲ ਉਸਨੂੰ ਪੁਕਾਰਿਆ ਜਾਂਦਾ ਹੈ। ਪਰ ਉਹ ਇੱਕ ਹੀ ਹੈ ਜੋ ਇਸ ਸਮੁੱਚੀ ਸਿ੍ਰਸ਼ਟੀ ਦਾ ਸਿਰਜਣਹਾਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ‘‘ ਅਵੱਲ ਅੱਲ੍ਹਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ।’’  ‘‘ ਏਕ ਨੂਰ ਤੇ ਸਭ ਜੱਗ ਉਪਜਿਆ, ਕੌਣ ਭਲੇ ਕੌਣ ਮੰਦੇ ’’ ਦਾ ਉਚਾਰਣ ਕਰਕੇ ਸਭ ਦੀਆਂ ਸ਼ੰਕਾਵਾਂ ਦੂਰ ਕਰ ਦਿਤੀਆਂ ਸਨ ਕਿ ਸਭ ਉਸ ਅਕਾਲ ਪੁਰਖ ਦੇ ਬੰਦੇ ਹਨ ਉਸੇ ਦੇ ਨੂਰ ਵਿਚੋਂ ਇਹ ਸੰਸਾਰ ਉਪਜਿਆ ਹੈ। ਸਭ ਧਰਮ ਬਰਾਬਰ ਹਨ ਅਤੇ ਸਭ ਦਰਮਾਂ ਦੇ ਗੁਰੂ ਅਕੇ ਗ੍ਰੰਥ ਇਮਾਨਦਾਰੀ ਨਾਲ ਕਿਰਤ ਕਮਾਈ ਕਰਕੇ ਆਪਣਾ ਪਰਿਵਾਰ ਪਾਲਣ ਦਾ ਸੰਦੇਸ਼ ਦਿੰਦੇ ਹਨ। ਪਰ ਅਸੀਂ ਕਿਸੇ ਵੀ ਧਰਮ ਗੁਰੂ ਜਾਂ ਧਰਮ ਗ੍ਰੰਥ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਵੱਲ ਨਹੀਂ ਤੁਰਦੇ। ਆਪਣਾ ਜੀਵਨ ਆਪਣੇ ਤਰੀਕੇ ਨਾਲ ਬਤੀਤ ਕਰਦੇ ਹਾਂ ਅਤੇ ਜਿੱਥੇ ਵੀ ਪੈਸਾ ਆਸਾਨੀ ਨਾਲ ਮਿਲ ਸਕਦਾ ਹੋਵੇ ਅਸੀਂ ਉਸ ਨੂੰ ਹੜੱਪਣ ਦੀ ਕੋਸ਼ਿਸ਼ ਕਰਦੇ ਹਾਂ ਭਾਵੇਂ ਕੋਈ ਵੀ ਤਰੀਕਾ ਹੋਵੇ। ਅੱਜ ਫਿਰ ਧਰਮ ਦੇ ਨਾਮ ’ਤੇ ਇੱਕ ਵਿਵਾਦ ਖੜ੍ਹਾ ਹੋ ਗਿਆ ਹੈ। ਜਿਸ ਵਿੱਚ ਧਾਰਮਿਕ ਆਗੂ ਆਪਣੇ ਧਰਮ ਨੂੰ ਸਭ ਤੋਂ ਉੱਤਮ ਅਤੇ ਸਤਿਕਾਰਯੋਗ ਦੱਸਣ ਵਿੱਚ ਲੱਗੇ ਹੋਏ ਹਨ। ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਧਰਮ ਦੇ ਨਾਮ ’ਤੇ ਕੁਝ ਵੀ ਕੀਤਾ ਅਤੇ ਕਰਵਾਇਆ ਜਾ ਸਕਦਾ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੋਈ ਰਾਜਨੀਤਿਕ ਤੌਰ ਤੇ ਵਿਵਾਦ ਸਾਹਮਣੇ ਆਇਆ ਤਾਂ ਆਮ ਜਨਤਾ ਨੂੰ ਧਰਮ ਦੇ ਨਾਮ ਤੇ ਵਿਵਾਦ ਖੜਾ ਕਰਕੇ ਉਸ ਵਿਚ ਉਲਝਾਅ ਦਿਤਾ ਗਿਆ। ਲੋਕ ਇੱਥੇ ਧਰਮ ਦੇ ਨਾਂ ’ਤੇ ਆਸਾਨੀ ਨਾਲ ਉਲਝ ਜਾਂਦੇ ਹਨ ਅਤੇ ਅਸੀਂ ਅਸਲ ਮੁੱਦਿਆਂ ਨੂੰ ਭੁੱਲ ਜਾਂਦੇ ਹਾਂ ਅਤੇ ਧਰਮ ਦੇ ਨਾਂ ’ਤੇ ਇਕ-ਦੂਜੇ ਦੀ ਆਲੋਚਨਾ ਸ਼ੁਰੂ ਕਰ ਦਿੰਦੇ ਹਾਂ। ਕਈ ਵਾਰ ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਅਸੀਂ ਇੱਕ ਦੂਜੇ ਦੇ ਖਿਲਾਫ ਹਥਿਆਰ ਤੱਕ ਕੱਢ ਲੈਂਦੇ ਹਾਂ। ਇਹ ਗੱਲ ਆਮ ਪ੍ਰਚਲਿੱਤ ਹੈ ਕਿ ਅਸੀਂ ਗੁਰੂ ਨੂੰ ਮੰਨਦੇ ਹਾਂ ਪਰ ਗੁਰੂ ਦੀ ਗੱਲ ਨੂੰ ਨਹੀਂ ਮੰਨਦੇ। ਜਿੰਨਾ ਚਿਰ ਅਸੀਂ ਗੁਰੂ ਕੀ ਕਹਿੰਦਾ ਹੈ ਜਾਂ ਸਾਡੇ ਧਰਮ ਗ੍ਰੰਥ ਕੀ ਕਹਿੰਦੇ ਹਨ, ਨੂੰ ਨਹੀਂ ਮੰਨਦੇ ਉਨ੍ਹਾਂ ਸਮਾਂ ਸਾਨੂੰ ਕਦੇ ਵੀ ਮਾਨਿਸਕ ਸ਼ਾਂਤੀ ਹਾਸਿਲ ਨਹੀਂ ਹੋ ਸਕਦੀ। ਅਜਿਹੇ ਬੇ ਮਕਸਦ ਵਿਵਾਦਾਂ ਵਿਚ ਹੀ ਉਲਝਦੇ ਰਹਾਂਗੇ। ਪ੍ਰਮਾਤਮਾ ਇਕ ਹੈ ਉਸਨੂੰ ਮੰਨਣ ਵਾਲੇ ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ, ਉਸਦਾ ਨਾਮ ਵੱਖਰਾ ਹੋ ਸਕਦਾ ਹੈ। ਇਸ ਸੰਸਾਰ ਵਿੱਚ ਜਦੋਂ ਕੋਈ ਜਨਮ ਲੈਂਦਾ ਹੈ ਤਾਂ ਇੱਕ ਮਾਸੂਮ ਬੱਚਾ ਪੈਦਾ ਹੁੰਦਾ ਹੈ, ਜਿਸ ਨੂੰ ਕਿਸੇ ਧਰਮ, ਜਾਤ, ਉੱਚ ਜਾਂ ਨੀਚ ਦਾ ਕੋਈ ਗਿਆਨ ਨਹੀਂ ਹੁੰਦਾ। ਅਕਸਰ ਕਿਹਾ ਜਾਂਦਾ ਹੈ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ। ਉਨ੍ਹਾਂ ਨੂੰ ਮਿਰਖੱਲ ਅਤੇ ਮਾਸੂਮ ਹੋਣ ਕਰਕੇ ਸਭ ਪਿਆਰ ਕਰਦੇ ਹਨ। ਬੱਚਾ ਭਾਵੇਂ ਕਿਸੇ ਵੀ ਧਰਮ ਜਾਂ ਜਾਤ ਪਾਤ ਦਾ ਕਿਉਂ ਨਾ ਹੋਵੇ। ਅਸੀਂ ਅੱਜ ਚੰਦਰਮਾ ਤੋਂ ਅੱਗੇ ਮੰਗਲ ਗ੍ਰਹਿ ’ਤੇ ਪਹੁੰਚਣ ਦੇ ਬਾਵਜੂਦ ਅਸੀਂ ਧਰਮ ਦੇ ਨਾਮ ’ਤੇ ਅੱਜ ਵੀ ਆਪਸ ਵਿਚ ਝਗੜ ਰਹੇ ਹਾਂ। ਹੁਣ ਸਮਾਂ ਨਹੀਂ ਹੈ ਧਰਮ ਦੇ ਨਾਂ ’ਤੇ ਆਪਸ ’ਚ ਉਲਝਣ ਲਈ। ਧਰਮ ਦੇ ਅਨੁਸਾਰ ਇਮਾਨਦਾਰੀ, ਪਿਆਰ ਅਤੇ ਆਪਸੀ ਸਦਭਾਵਨਾ ਨਾਲ ਜੀਵਨ ਬਤੀਤ ਕਰਕੇ ਧਰਮ ਦੇ ਮਾਰਗ ’ਤੇ ਚੱਲਣ ਵੱਲ ਨੂੰ ਪਹਿਲ ਕੀਤੀ ਜਾਣੀ ਚਾਹੀਦੀ ਹੈ। ਸਾਡੇ ਸਾਰੇ ਧਰਮਾਂ ਦੇ ਗ੍ਰੰਥਾਂ ਵਿਚ ਇਕ ਹੀ ਸੰਦੇਸ਼ ਹੈ। ਇਸ ਲਈ ਇਸ ਲਈ ਧਰਮ ਦੇ ਨਾਂ ’ਤੇ ਲੜਨਾ ਬੰਦ ਕਰਕੇ ਧਰਮ ਦੇ ਰਸਤੇ ’ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

 ਹਰਵਿੰਦਰ ਸਿੰਘ ਸੱਗੂ ।

LEAVE A REPLY

Please enter your comment!
Please enter your name here