ਬਨੂੜ ਭਗਵਾਨ ਭੰਗੂ-ਲਿਕੇਸ ਸ਼ਰਮਾ )ਸ਼ਹਿਰ ‘ਚੋਂ ਗੁਜ਼ਰਦੇ ਕੌਮੀ ਮਾਰਗ ਦੇ ਸਰਵਿਸ ਰੋਡ ਤੋਂ ਦਿਨ ਦਿਹਾੜੇ ਦੋ ਝਪਟਮਾਰ ਮੋਟਰਸਾਈਕਲ ਸਵਾਰ ਨੌਜਵਾਨ ਪੈਦਲ ਜਾ ਰਹੇ ਨੌਜਵਾਨ ਤੋਂ ਮੋਬਾਈਲ ਫੋਨ ਝਪਟ ਕੇ ਫ਼ਰਾਰ ਹੋ ਗਏ। ਐਤਵਾਰ ਦੀ ਦੁਪਹਿਰ 1.30 ਵਜੇ ਦੇ ਕਰੀਬ ਤਿੰਨ ਨੌਜਵਾਨ ਜੋ ਕਿ ਇਲਾਕੇ ‘ਚ ਪੱਥਰ ਲਗਾਉਣ ਦਾ ਕੰਮ ਕਰਦੇ ਸਨ ਤੇ ਬਨੂੜ ਸ਼ਹਿਰ ‘ਚ ਕਿਰਾਏ ਦੇ ਮਕਾਨ ‘ਚ ਰਹਿੰਦੇ ਹਨ। ਜਦੋਂ ਉਹ ਦੁਪਹਿਰ ਵੇਲੇ ਰੋਟੀ ਖਾਣ ਲਈ ਪੈਦਲ ਜਾ ਰਹੇ ਸਨ ਤੇ ਉਹ ਸ਼ਹਿਰ ਦੇ ਇਤਿਹਾਸਕ ਬੰਨੋਂ ਮਾਈ ਮੰਦਰ ਦੇ ਨਜ਼ਦੀਕ ਪਹੁੰਚੇ ਤਾਂ ਕਿਸੇ ਵਿਅਕਤੀ ਦਾ ਫੋਨ ਆ ਗਿਆ। ਇਸ ਦੌਰਾਨ ਜਦੋਂ ਉਹ ਮੋਬਾਈਲ ‘ਤੇ ਗੱਲ ਕਰ ਰਿਹਾ ਸੀ ਤਾਂ ਪਿੱਛੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆ ਰਹੇ ਦੋ ਨੌਜਵਾਨ ਉਸ ਦਾ ਮੋਬਾਈਲ ਫੋਨ ਝਪਟ ਕੇ ਫ਼ਰਾਰ ਹੋ ਗਏ। ਪੀੜਤ ਨੌਜਵਾਨ ਨੇ ਰੌਲ਼ਾ ਪਾਇਆ ਤੇ ਪਿੱਛੇ ਆ ਰਹੇ ਮੋਟਰਸਾਈਕਲ ‘ਤੇ ਉਨ੍ਹਾਂ ਦਾ ਪਿੱਛਾ ਕੀਤਾ ਪਰ ਉਹ ਕਾਬੂ ਨਾ ਆ ਸਕੇ। ਮਜ਼ਦੂਰ ਨੇ ਦੱਸਿਆ ਕਿ ਉਸਨੇ ਇਹ ਮੋਬਾਈਲ ਕੁਝ ਮਹੀਨੇ ਪਹਿਲਾਂ 15 ਹਜ਼ਾਰ ਰੁਪਏ ਦਾ ਖ਼ਰੀਦੀਆ ਸੀ। ਸ਼ਹਿਰ ‘ਚ ਦਿਨ ਦਿਹਾੜੇ ਸੰਘਣੀ ਆਬਾਦੀ ਵਾਲੀ ਥਾਂ ‘ਤੇ ਅਜਿਹੀ ਘਟਨਾ ਵਾਪਰਨ ਕਾਰਨ ਸ਼ਹਿਰ ਦੇ ਵਸਨੀਕਾਂ ‘ਚ ਸਹਿਮ ਬਣਿਆ ਹੋਇਆ ਹੈ।