ਮੋਗਾ, 24 ਮਾਰਚ ( ਰੋਹਿਤ ਗੋਇਲ) -ਪੰਜਾਬ ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਨ੍ਹਾਂ ਦੇ ਢੁਕਵੇਂ ਹੱਲ ਲਈ ਜਨਤਕ ਮਿਲਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਨ੍ਹਾਂ ਜਨਤਕ ਮਿਲਣੀਆਂ ਵਿੱਚ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਖੁਦ ਸ਼ਿਰਕਤ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂੰ ਹੋ ਰਹੇ ਹਨ ਅਤੇ ਤੁਰੰਤ ਪ੍ਰਭਾਵ ਨਾਲ ਢੁਕਵੀਆਂ ਵਿਭਾਗੀ ਕਾਰਵਾਈਆਂ ਵੀ ਕਰਵਾ ਰਹੇ ਹਨ। ਇਨ੍ਹਾਂ ਜਨਤਕ ਮਿਲਣੀਆਂ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਇਲਾਵਾ ਵਿਕਾਸ ਕਾਰਜਾਂ ਸਬੰਧੀ ਦਰਖਾਸਤਾਂ ਵੀ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ।ਡਿਪਟੀ ਕਮਿਸ਼ਨਰ ਮੋਗਾ ਪਿੰਡ ਡਰੋਲੀ ਭਾਈ ਵਿਖੇ ਅਗਲੀ ਜਨਤਕ ਮਿਲਣੀ 28 ਮਾਰਚ, 2023 ਨੂੰ ਕਰ ਰਹੇ ਹਨ।ਇਹ ਜਨਤਕ ਮਿਲਣੀ ਗੁਰਦੁਆਰਾ ਜਨਮ ਅਸਥਾਨ ਬਾਬਾ ਗੁਰਦਿੱਤਾ ਜੀ ਦੇ ਮੀਟਿੰਗ ਹਾਲ ਵਿਖੇ ਸਵੇਰੇ 10 ਵਜੇ ਤੋਂ 2 ਵਜੇ ਤੱਕ ਆਯੋਜਿਤ ਕਰਵਾਈ ਜਾ ਰਹੀ ਹੈ।
ਇਸ ਜਨਤਕ ਮਿਲਣੀ ਬਾਰੇ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਹਾਜ਼ਰ ਰਹਿਣਗੇ ਤਾਂ ਜੋ ਮੌਕੇ ਉੱਪਰ ਨਿਪਟਾਈਆਂ ਜਾ ਸਕਣ ਵਾਲੀਆਂ ਸ਼ਿਕਾਇਤਾਂ ਦਾ ਤੁਰੰਤ ਪ੍ਰਭਾਵ ਨਾਲ ਨਿਪਟਾਰਾ ਹੋ ਸਕੇ ਅਤੇ ਉਨ੍ਹਾਂ ਨਾਲ ਸਬੰਧਤ ਸ਼ਿਕਾਇਤਾਂ ਮੌਕੇ ਉੱਪਰ ਹੀ ਉਨ੍ਹਾਂ ਨੂੰ ਫਾਰਵਰਡ ਕੀਤੀਆਂ ਜਾ ਸਕਣ।
ਡਿਪਟੀ ਕਮਿਸ਼ਨਰ ਨੇ ਪਿੰਡ ਡਰੋਲੀ ਭਾਈ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪਿੰਡ ਵਾਸੀ ਇਸ ਜਨਤਕ ਮਿਲਣੀ ਵਿੱਚ ਆਪਣੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਤਾਂ ਕਿ ਸਰਕਾਰੀ ਅਤੇ ਲੋਕਾਂ ਵਿਚਲੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਵਿਅਕਤੀ ਆਪਣੀ ਦਰਖਾਸਤ ਨੂੰ ਲਿਖਤੀ ਰੂਪ ਵਿੱਚ ਪੇਸ਼ ਕਰੇ। ਉਨ੍ਹਾਂ ਦੱਸਿਆ ਕਿ ਲਿਖਤੀ ਰੂਪ ਵਿੱਚ ਪੇਸ਼ ਕੀਤੀ ਗਈ ਸ਼ਿਕਾਇਤ ਦਾ ਨਿਪਟਾਰਾ ਕਰਨਾ ਅਤੇ ਸਬੰਧਤ ਵਿਭਾਗਾਂ ਨੂੰ ਫਾਰਵਰਡ ਇਸ ਸਮੱਸਿਆ ਦਾ ਹੱਲ ਵੀ ਛੇਤੀ ਹੋ ਜਾਂਦਾ ਹੈ ਅਤੇ ਜੇਕਰ ਇਸ ਸਮੱਸਿਆ ਨੂੰ ਨਿਪਟਣ ਵਿੱਚ ਨਿਯਮਾਂ ਅਨੁਸਾਰ ਸਮਾਂ ਵੀ ਲੱਗਦਾ ਹੈ ਤਾਂ ਸਬੰਧਤ ਵਿਅਕਤੀ ਜਾਂ ਉਹ ਖੁਦ ਇਸਦਾ ਸਟੇਟਸ ਜਾਣ ਸਕਦੇ ਹਨ।
ਕੁਲਵੰਤ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਲੈਣ ਵਿੱਚ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਹਰੇਕ ਬਲਾਕ ਦੇ ਹਰੇਕ ਪਿੰਡ ਵਿੱਚ ਜਨਤਕ ਮਿਲਣੀਆਂ ਜਰੀਏ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇਗਾ।
