30 ਦਸੰਬਰ ਨੂੰ ਮੁੱਖ ਗੇਟ ਤੋਂ ਟਾਊਨ ਹਾਲ ਤੱਕ ਕੈਮਰੇ ਲਗਾਉਣ ਅਤੇ ਮੀਟਿੰਗ ਦੀ ਵੀਡੀਓਗ੍ਰਾਫੀ ਕਰਨ ਦੀ ਕੀਤੀ ਮੰਗ
ਜਗਰਾਉਂ, 28 ਦਸੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਨਗਰ ਕੌਂਸਲ ਪ੍ਰਧਾਨ ਨੂੰ ਕੁਰਸੀ ਤੋਂ ਹਟਾਉਣ ਲਈ ਚੱਲ ਰਹੀ ਖਿੱਚੋਤਾਣ ਦੌਰਾਨ ਕਾਂਗਰਸ ਦੇ ਬਾਗੀ ਕੌਂਸਲਰਾਂ ਵਲੋਂ ਅਕਾਲੀ ਦਲ ਦੇ ਕੌਂਸਲਰਾਂ ਨਾਲ ਮਿਲ ਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਅੱਗੇ ਆਪਣਏ ਨਾਲ 16 ਮੈਂਬਰਾਂ ਦੀ ਬਹੁਮਤ ਹੋਣ ਦਾ ਦਾਅਵਾ ਕਰਕੇ ਬੇਭਰੋਸਗੀ ਪ੍ਰਸਤਾਵ ਪੇਸ਼ ਕਰਕੇ ਇਸਦੇ ਸੰਬਧ ਵਿਚ ਨਗਰ ਕੌਂਸਲ ਪ੍ਰਧਾਨ ਨੂੰ ਆਪਣੀ ਬਹੁਮਤ ਸਾਬਤ ਕਰਨ ਲਈਆ ਮੀਟਿੰਗ ਬੁਲਾਉਣ ਲਈ ਲਿÇਖਿਆ ਗਿਆ ਸੀ। ਜਿਸ ’ਤੇ ਨਗਰ ਕੌਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਵਲੋਂ 30 ਦਸੰਬਰ ਨੂੰ ਸਵੇਰੇ 11.30 ਵਜੇ ਨਗਰ ਕੌਸਲ ਦੇ ਟਾਊਨ ਹਾਲ ’ਚ ਬੇਭਰੋਸਗੀ ਮਤੇ ਦੇ ਸਬੰਧ ’ਚ ਮੀਟਿੰਗ ਬੁਲਾਈ ਗਈ ਹੈ। ਇਸ ਸਬੰਧੀ ਉਨ੍ਹਾਂ ਮੀਟਿੰਗ ਦੌਰਾਨ ਸੱਤਾਧਾਰੀ ਧਿਰ ਵੱਲੋਂ ਧੱਕੇਸ਼ਾਹੀ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ। ਜਿਸ ਕਾਰਨ ਪ੍ਰਧਾਨ ਜਤਿੰਦਰ ਪਾਲ ਰਾਣਾ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਮਨੋਹਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ 30 ਦਸੰਬਰ ਨੂੰ ਨਗਰ ਕੌਸਲ ਦੇ ਟਾਊਨ ਹਾਲ ਵਿਖੇ ਹੋਣ ਵਾਲੀ ਮੀਟਿੰਗ ਦੀ ਸਮੁੱਚੀ ਪ੍ਰਕਿਰਿਆ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇ। ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਯਕੀਨੀ ਬਣਾਈ ਜਾਵੇ। ਜਿਸ ਲਈ ਨਗਰ ਕੌਸਲ ਦਫ਼ਤਰ ਦੇ ਮੁੱਖ ਗੇਟ ਤੋਂ ਲੈ ਕੇ ਟਾਊਨ ਹਾਲ ਦੇ ਪ੍ਰਵੇਸ਼ ਦੁਆਰ ਤੱਕ ਵੱਖ-ਵੱਖ ਥਾਵਾਂ ’ਤੇ 6 ਕੈਮਰੇ ਲਗਾਏ ਜਾਣ ਅਤੇ ਟਾਊਨ ਹਾਲ ’ਚ ਹੋਣ ਵਾਲੀ ਮੀਟਿੰਗ ਦੀ ਕਾਰਵਾਈ ਦੀ ਵੀਡੀਓਗ੍ਰਾਫੀ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਪੱਤਰ ਵਿੱਚ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਮੀਟਿੰਗ ਹਾਲ ਦੇ ਅੰਦਰ ਜਾਂ ਬਾਹਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਨਗਰ ਕੌਂਸਲ ਜਗਰਾਉਂ ਦੇ ਕਾਰਜਸਾਧਕ ਅਫ਼ਸਰ ਦੀ ਹੋਵੇਗੀ। ਜਤਿੰਦਰ ਪਾਲ ਰਾਣਾ ਨੇ ਇਹ ਪੱਤਰ ਨਗਰ ਕੌਂਸਲ ਦੇ ਈਓ ਨੂੰ ਲਿਖਿਆ ਹੈ ਅਤੇ ਇਸ ਦੀ ਕਾਪੀ ਡਿਪਟੀ ਕਮਿਸ਼ਨਰ ਲੁਧਿਆਣਾ, ਏਡੀਸੀ ਸ਼ਹਿਰੀ ਵਿਕਾਸ ਲੁਧਿਆਣਾ, ਏਡੀਸੀ ਜਗਰਾਉਂ ਅਤੇ ਐਸਡੀਐਮ ਜਗਰਾਉਂ ਨੂੰ ਵੀ ਕਾਰਵਾਈ ਲਈ ਭੇਜੀ ਗਈ ਹੈ।
