ਜਗਰਾਉਂ, 28 ਦਸੰਬਰ ( ਬੌਬੀ ਸਹਿਜਲ, ਅਸ਼ਵਨੀ )-ਪੰਜਾਬ ਵਿੱਚ ਚਿੱਟੇ ਨਸ਼ੇ ਦੀ ਬਿਮਾਰੀ ਇੰਨੀ ਤਬਾਹੀ ਮਚਾ ਰਹੀ ਹੈ ਕਿ ਇਸ ਕੋਹੜ ਤੋਂ ਛੁਟਕਾਰਾ ਦਵਾਉਣ ਲਈ ਕੰਮ ਕਰਨ ਵਾਲੇ ਕੁਝ ਪੁਲੀਸ ਮੁਲਾਜ਼ਮ ਵੀ ਇਸ ਦਾ ਸ਼ਿਕਾਰ ਹੋ ਗਏ ਹਨ। ਇਸ ਦੀ ਤਾਜ਼ਾ ਮਿਸਾਲ ਬੁੱਧਵਾਰ ਨੂੰ ਜਗਰਾਓਂ ਦੇ ਕੱਚਾ ਮਲਕ ਰੋਡ ’ਤੇ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਵਰਦੀ ’ਚ ਇਕ ਪੁਲਸ ਮੁਲਾਜ਼ਮ ਉਥੇ ਇਕ ਦੁਕਾਨ ਦੇ ਸਾਹਮਣੇ ਪਹੁੰਚ ਗਿਆ ਅਤੇ ਦੁਕਾਨ ’ਤੇ ਕੰਮ ਕਰਦੇ ਲੜਕੇ ਤੋਂ 2000 ਰੁਪਏ ਜਾਂ ਚਿੱਟਾ ਦੇਣ ਦੀ ਮੰਗ ਕਰਨ ਲੱਗਾ। ਇਸ ਦੌਰਾਨ ਇਕੱਠੇ ਹੋਏ ਦੁਕਾਨਦਾਰਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਭਜਾ ਦਿੱਤਾ। ਜਾਣਕਾਰੀ ਅਨੁਸਾਰ ਲੁਧਿਆਣਾ ’ਚ ਇਕ ਵਿਅਕਤੀ ਦੀ ਸੁਰੱਖਿਆ ਲਈ ਤਾਇਨਾਤ ਉਕਤ ਪੁਲਸ ਮੁਲਾਜ਼ਮ ਜਗਰਾਓਂ ਨੇੜੇ ਇਕ ਪਿੰਡ ਦਾ ਰਹਿਣ ਵਾਲਾ ਹੈ। ਉਹ ਸਵੇਰੇ ਕੱਚਾ ਮਲਕ ਰੋਡ ’ਤੇ ਇੱਕ ਦੁਕਾਨ ਅੱਗੇ ਵਾਰ-ਵਾਰ ਚੱਕਰ ਲਗਾ ਰਿਹਾ ਸੀ। ਜਿਸ ਨੂੰ ਦੇਖ ਕੇ ਦੁਕਾਨ ਦੇ ਮਾਲਕ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਇੱਥੇ ਕਿਉਂ ਘੁੰਮ ਰਹੇ ਹੋ। ਇਸ ਤਕਰਾਰ ਦੌਰਾਨ ਪੁਲੀਸ ਮੁਲਾਜ਼ਮ ਨੇ ਦੁਕਾਨਦਾਰ ਤੇ ਹੱਥ ਚੁੱਕ ਦਿਤਾ, ਜਿਸ ’ਤੇ ਉਸ ਦੁਕਾਨਦਾਰ ਨੇ ਉਸ ਦੇ ਕਈ ਥੱਪੜ ਜੜ ਦਿਤੇ। ਇਸ ਦੌਰਾਨ ਆਸਪਾਸ ਦੇ ਦੁਕਾਨਦਾਰ ਵੀ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਮਿਲ ਕੇ ਉਸ ਦੀ ਕੁੱਟਮਾਰ ਕੀਤੀ। ਜਦੋਂ ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਸਥਾਨਕ ਵਿਧਾਇਕ ਨੂੰ ਬੁਲਾ ਕੇ ਪੁਲਿਸ ਨੂੰ ਬੁਲਾਵਾਂਗੇ ਤਾਂ ਮੁਲਾਜ਼ਮ ਉਥੋਂ ਭੱਜ ਗਿਆ ਅਤੇ ਕਰੀਬ 1 ਘੰਟੇ ਬਾਅਦ ਦੁਬਾਰਾ ਆ ਕੇ ਦੁਕਾਨਦਾਰ ਤੋਂ ਮੁਆਫ਼ੀ ਮੰਗਣ ਲੱਗਾ। ਉਸ ਸਮੇਂ ਉਸ ਨੇ ਦੱਸਿਆ ਕਿ ਉਸ ਦੀ ਦੁਕਾਨ ’ਤੇ ਇਕ ਲੜਕਾ ਕੰਮ ਕਰਦਾ ਹੈ, ਉਹ ਵੀ ਨਸ਼ਾ ਕਰਨ ਦਾ ਆਦੀ ਹੈ। ਉਸਨੇ ਉਸਤੋਂ ਦੋ ਹਜ਼ਾਰ ਰੁਪਏ ਲੈਣੇ ਹਨ ਜੋ ਉਹ ਲੈਣ ਲਈ ਆਇਆ ਸੀ।
ਕੀ ਕਹਿਣਾ ਹੈ ਥਾਣਾ ਇੰਚਾਰਜ ਦਾ- ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਥਾਨਕ ਕੱਚਾ ਮਲਕ ਰੋਡ ’ਤੇ ਹੋਈ ਕੁੱਟਮਾਰ ਦੀ ਘਟਨਾ ਨੂੰ ਲੈ ਕੇ ਪੁਲਸ ਮੁਲਾਜ਼ਮਾਂ ਨੇ ਕੋਈ ਵੀ. ਪੁਲਿਸ ਜ਼ਿਲ੍ਹਾ ਲੁਧਿਆਣਾ ਦੇਹਤ ਨਾਲ ਕੋਈ ਸਬੰਧ ਨਹੀਂ ਹੈ। ਉਹ ਲੁਧਿਆਣਾ ਵਿੱਚ ਤਾਇਨਾਤ ਹੈ।