Home Education ਦੁਸਹਿਰਾ ਯੁੱਧ ਦਾ ਆਖਰੀ ਦਿਨ ਨਹੀਂ ਹੁੰਦਾ

ਦੁਸਹਿਰਾ ਯੁੱਧ ਦਾ ਆਖਰੀ ਦਿਨ ਨਹੀਂ ਹੁੰਦਾ

96
0

ਦੁਸਹਿਰਾ ਯੁੱਧ ਦਾ ਆਖ਼ਰੀ ਦਿਨ ਨਹੀਂ,
ਦਸਵਾਂ ਦਿਨ ਹੁੰਦਾ ਹੈ ।

ਯੁੱਧ ਤਾਂ ਜਾਰੀ ਰੱਖਣਾ ਪੈਂਦਾ ਹੈ ।
ਸਭ ਤੋਂ ਪਹਿਲਾਂ ਆਪਣੇ ਖ਼ਿਲਾਫ਼
ਜਿਸ ’ਚ ਸਦੀਆਂ ਤੋਂ
ਰਾਵਣ ਡੇਰਾ ਲਾਈ ਬੈਠਾ ਹੈ ।
ਤ੍ਰਿਸ਼ਨਾ ਦਾ ਸੋਨ-ਮਿਰਗ ਛੱਡ ਦੇਂਦਾ ਹੈ
ਰੋਜ਼ ਸਵੇਰੇ ਸਾਨੂੰ ਛਲਾਵੇ ’ਚ ਲੈਂਦਾ ਹੈ ।
ਸਾਦਗੀ ਦੀ ਸੀਤਾ ਮੱਈਆ ਰੋਜ਼ ਛਲਦਾ ਹੈ
ਫਿਰ ਵੀ ਧਰਮੀ ਅਖਵਾਉਂਦਾ ਹੈ ।

ਸੋਨੇ ਦੀ ਲੰਕਾ ਵਿੱਚ ਵੱਸਦਿਆਂ
ਉਹ ਜਾਣ ਗਿਆ ਹੈ ਕੂਟਨੀਤੀ ।
ਹਰ ਬੰਦੇ ਦਾ ਮੁੱਲ ਪਾਉਂਦਾ ਹੈ ।
ਆਪਣੇ ਦਰਬਾਰ ’ਚ ਨਚਾਉਂਦਾ ਹੈ ।
ਪੈਰਾਂ ਦੀ ਜੁਰਾਬ ਬਣਾਉਂਦਾ ਹੈ ।
ਚੰਮ ਦੀ ਜੀਭ ਤੇ ਆਪਣੇ ਪੂਰਨੇ ਪਾਉਂਦਾ ਹੈ ।
ਆਪਣੇ ਤਾਲ ਤੇ ਨਚਾਉਂਦਾ ਹੈ ।

ਔਕਾਤ ਮੁਤਾਬਕ ਕਦੇ ਕਿਸੇ ਨੂੰ,
ਕਦੇ ਕਿਸੇ ਨੂੰ ਬਾਂਦਰ ਬਣਾਉਂਦਾ ਹੈ
ਪਹਿਲਾਂ ਬਰਾਬਰ ਦੀ ਕੁਰਸੀ ਤੇ ਬਿਠਾਉਂਦਾ ਹੈ ।
ਭਰਮ ਪਾਉਂਦਾ ਹੈ, ਮਗਰੋਂ ਭੇਡੂ ਬਣਾਉਂਦਾ ਹੈ ।
ਕਾਨਿਆਂ ਦੇ ਤੀਰਾਂ ਨਾਲ ਕਿੱਥੇ ਮਰਦਾ ਹੈ ਇਹ ਰਾਵਣ?
ਜ਼ੈੱਡ ਪਲੱਸ ਸੁਰੱਖਿਆ ਛਤਰੀਧਾਰੀ ।
ਅਵਾ ਤਵਾ ਬੋਲਦਾ ਹੈ ।

ਘਰ ਨਹੀਂ ਵੇਖਦਾ, ਬਾਹਰ ਨਹੀਂ ਵੇਖਦਾ
ਅਗਨ ਅੰਗਿਆਰੇ ਮੂੰਹੋਂ ਕੱਢਦਾ
ਸਾਡੇ ਪੁੱਤਰਾਂ ਧੀਆਂ ਨੂੰ
ਯੁੱਧ ਲਈ ਬਾਲਣ ਦੀ ਥਾਂ ਵਰਤਦਾ ।

ਰਾਵਣ ਨੂੰ ਤਿੰਨ ਸੌ ਪੈਂਠ ਦਿਨਾਂ ਵਿੱਚੋਂ,
ਸਿਰਫ਼ ਦਸ ਦਿਨ ਹੀ ਦੁਸ਼ਮਣ ਨਾ ਸਮਝਣਾ ।
ਪਲ ਪਲ ਜਾਨਣਾ ਤੇ ਪਛਾਨਣਾ ।
ਕਿਵੇਂ ਚੂਸ ਜਾਂਦਾ ਹੈ ਸਾਡੀ ਰੱਤ ।
ਸੁੱਤਿਆਂ ਸੁੱਤਿਆਂ ਖ਼ੋਰ ਕੇ ਪੀ ਜਾਂਦਾ ਹੈ,
ਸਾਡਾ ਸ੍ਵੈਮਾਣ ਅਣਖ਼ ਤੇ ਹੋਰ ਬਹੁਤ ਕੁਝ ।
ਆਰੀਆ ਦਰਾਵੜਾਂ ਨੂੰ ਧੜਿਆਂ ’ਚ ਵੰਡ ਕੇ,
ਆਪਣੀ ਪੁਗਾਉਂਦਾ ਹੈ ।
ਯੁੱਧ ਵਾਲੇ ਨੁਕਤੇ ਵੀ ਐਸੇ ਸਮਝਾਉਂਦਾ ਹੈ ।
ਬਾਤਨ ਕਾ ਬਾਦਸ਼ਾਹ ਪੱਲੇ ਕੱਖ ਨਾ ਪਾਉਂਦਾ ਹੈ ।

ਰਾਖਾ ਬਣ ਕੇ ਜੇਬਾਂ ਫ਼ਰੋਲਦਾ ਹੈ ।
ਵਤਨਪ੍ਰਸਤੀ ਦੇ ਭਰਮ ਜਾਲ ਵਿੱਚ,
ਭੋਲੀਆਂ ਮੱਛੀਆਂ ਫਸਾਉਂਦਾ ਹੈ ।
ਤਰਜ਼ ਤਾਂ ਕੋਈ ਹੋਰ ਬਣਾਉਂਦਾ ਹੈ ।
ਪਰ ਧੁਨ ਦਾ ਬਹੁਤ ਪੱਕੈ,
ਹਰ ਵੇਲੇ ਇੱਕੋ ਗੀਤ ਅਲਾਪਦਾ ।

ਕੁਰਸੀ ਰਾਗ ਗਾਉਂਦਾ ਹੈ ।
ਪੂਰਾ ਸੰਧੀਰਾਮ ਹੈ ।
ਭਗਵਾਨ ਨੂੰ ਵੀ ਗੱਲੀਂ ਬਾਤੀਂ ਭਰਮਾਉਂਦਾ ਹੈ ।
ਐਸਾ ਉਲਝਾਉਂਦਾ ਹੈ,
ਪੱਥਰ ਬਣਾ ਕੇ ਉਹਨੂੰ ਮੂਰਤੀ ਵਾਂਗ ਸਜਾਉਂਦਾ ਹੈ ।
ਬਗਲਾ ਭਗਤ ਪੂਰਾ
ਮਨਚਾਹਿਆ ਫ਼ਲ ਪਾਉਂਦਾ ਹੈ ।
ਦੁਸਹਿਰਾ ਯੁੱਧ ਦਾ ਆਖ਼ਰੀ ਨਹੀਂ
ਦਸਵਾਂ ਦਿਨ ਹੁੰਦਾ ਹੈ।

🔵 ਕਾਵਿ ਸੰਗ੍ਰਹਿ ਚਰਖ਼ੜੀ ਵਿੱਚੋਂ।

ਸੰਪਰਕਃ 98726 31199

LEAVE A REPLY

Please enter your comment!
Please enter your name here