ਮੋਗਾ, 24 ਮਾਰਚ ( ਰਾਜਨ ਜੈਨ) -2025 ਤੱਕ ਟੀ.ਬੀ. ਦਾ ਖਾਤਮਾ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ। ਟੀ.ਬੀ. ਇਲਾਜਯੋਗ ਹੈ। ਇਸ ਬਿਮਾਰੀ ਦਾ ਸਮੇਂ ਸਿਰ ਪਤਾ ਲੱਗਣ ਉੱਪਰ ਇਸਦਾ ਇਲਾਜ ਸੰਭਵ ਹੈ ਦੇਰੀ ਨਾਲ ਇਲਾਜ ਜਾਂ ਚਲਦਾ ਇਲਾਜ ਬੰਦ ਕਰਨ ਨਾਲ ਇਸਦਾ ਇਲਾਜ ਹੋਰ ਪੇਚੀਦਾ ਹੋ ਸਕਦਾ ਹੈ। ਨੈਸ਼ਨਲ ਟੀ.ਬੀ. ਇਲੀਮੀਨੇਸ਼ਨ ਪ੍ਰੋਗਰਾਮ ਤਹਿਤ ਪੰਜਾਬ ਦਾ ਸਿਹਤ ਵਿਭਾਗ ਟੀ.ਬੀ. ਜਾਗਰੂਕਤਾ ਗਤੀਵਿਧੀਆਂ ਨੂੰ ਤੇਜੀ ਨਾਲ ਚਲਾ ਰਿਹਾ ਹੈ।ਇਸ ਸਾਲ ਦਾ ਵਿਸ਼ਵ ਟੀ.ਬੀ. ਦਿਵਸ, ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਅਤੇ ਸਿਹਤ ਵਿਭਾਗ ਵੱਲੋਂ ‘ਹਾਂ ਅਸੀਂ ਟੀ.ਬੀ. ਨੂੰ ਖਤਮ ਕਰ ਸਕਦੇ ਹਾਂ’ ਥੀਮ ਹੇਠ ਮਨਾਇਆ ਗਿਆ। ਵਿਸ਼ਵ ਟੀ.ਬੀ. ਨੂੰ ਸਮਰਪਿਤ ਅੱਜ ਜ਼ਿਲ੍ਹੇ ਜ਼ਿਲ੍ਹਾ ਸਿਵਲ ਹਸਪਤਾਲ, ਸਾਰੇ ਬਲਾਕ ਪੱਧਰੀ ਸਰਕਾਰੀ ਹਸਪਤਾਲਾਂ ਵਿੱਚ ਅਤੇ ਜ਼ਿਲ੍ਹੇ ਦੇ ਕਰੀਬ 120 ਸਿਹਤ ਵੈਲਨੈੱਸ ਸੈਂਟਰਾਂ ਜਰੀਏ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਟੀ.ਬੀ. ਨਾਲ ਸਬੰਧਤ ਤਕਨੀਕੀ ਕੰਮਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਅੱਜ ਜ਼ਿਲ੍ਹਾ ਟੀ.ਬੀ. ਕੇਂਦਰ ਮੋਗਾ ਨੂੰ ਇੱਕ ਨਵਾਂ ਕੰਪਿਊਟਰ ਸੈੱਟ ਵੀ ਭੇਂਟ ਕੀਤਾ। ਸਿਵਲ ਸਰਜਨ ਮੋਗਾ ਡਾ. ਰੁਪਿੰਦਰ ਕੌਰ ਗਿੱਲ ਅਤੇ ਜ਼ਿਲ੍ਹਾ ਟੀ.ਬੀ. ਅਫ਼ਸਰ ਮੋਗਾ ਡਾ. ਗੌਰਵਪ੍ਰੀਤ ਸਿੰਘ ਸੋਢੀ, ਡਬਲਿਯੂ.ਐਚ.ਓ ਕਨਸਲਟੈਂਟ ਡਾ. ਪਰਿਤੋਸ਼ ਨੇ ਡਿਪਟੀ ਕਮਿਸ਼ਨਰ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਿਹਤ ਵਿਭਾਗ ਨੂੰ ਟੀ.ਬੀ. ਇਲੀਮੀਨੇਸ਼ਨ ਪ੍ਰੋਗਰਾਮ ਤਹਿਤ ਉੱਚ ਦਰਜੇ ਦਾ ਸਹਿਯੋਗ ਮਿਲ ਰਿਹਾ ਹੈ।ਵਿਸ਼ਵ ਟੀ.ਬੀ. ਦਿਵਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਟੀ.ਬੀ. ਤੋਂ ਘਬਰਾਉਣ ਦੀ ਬਿਲਕੁਲ ਵੀ ਜਰੂਰਤ ਨਹੀਂ ਹੈ ਟੀ.ਬੀ. ਨੂੰ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦਵਾਈਆਂ ਦਾ ਸੇਵਨ ਕਰਕੇ ਬਿਲਕੁਲ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੇਖਣ ਵਿੱਚ ਇਹ ਆਉਂਦਾ ਹੈ ਕਿ ਟੀ.ਬੀ. ਬਿਮਾਰੀ ਦੇ ਨਾਮ ਤੋਂ ਹੀ ਲੋਕ ਘਬਰਾ ਜਾਂਦੇ ਹਨ ਜਿਸ ਕਰਕੇ ਥੋੜੇ ਲੱਛਣਾਂ ਵਾਲੇ ਸ਼ੱਕੀ ਵਿਅਕਤੀ ਵੀ ਆਪਣਾ ਟੀ.ਬੀ. ਦਾ ਟੈਸਟ ਕਰਵਾਉਣ ਲਈ ਦੇਰੀ ਕਰ ਦਿੰਦੇ ਹਨ, ਜਿਸ ਨਾਲ ਇਹ ਰੋਗ ਹੋਰ ਵਧ ਜਾਂਦਾ ਹੈ। ਉਨ੍ਹਾਂ ਦੱਸਿਆ ਦੋ ਹਫ਼ਤੇ ਤੋਂ ਜਿਆਦਾ ਖਾਂਸੀ, ਸ਼ਾਮ ਵੇਲੇ ਹਲਕਾ ਬੁਖਾਰ, ਭਾਰ ਘਟਣਾ, ਭੁੱਖ ਘੱਟ ਲੱਗਣੀ ਟੀ.ਬੀ. ਦੇ ਮੁੱਖ ਲੱਛਣ ਹਨ, ਜੇਕਰ ਕਿਸੇ ਵਿਅਕਤੀ ਨੂੰ ਆਪਣੇ ਵਿੱਚ ਇਹ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਰੰਤ ਆਪਣੇ ਨਜਦੀਕੀ ਸਰਕਾਰੀ ਸਿਹਤ ਕੇਂਦਰ ਵਿੱਚ ਇਸਦਾ ਟੈਸਟ ਕਰਵਾਉ। ਟੀ.ਬੀ. ਅਤੇ ਮਲਟੀ ਡਰੱਗ ਰਜਿਸਟੈਂਟ ਟੀ.ਬੀ. ਦੀ ਜਾਂਚ ਅਤੇ ਦਵਾਈਆਂ ਰਾਜ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫ਼ਤ ਮਿਲਦੀਆਂ ਹਨ। ਬਲਗਮ ਜਾਂਚ, ਐਕਸਰੇ ਦੀ ਸੁਵਿਧਾ, ਟੀ.ਬੀ. ਦੀ ਮੁਫ਼ਤ ਦਵਾਈ, ਸਿਹਤ ਕਰਮੀ ਦੀ ਦੇਖ ਰੇਖ ਵਿੱਚ ਇਲਾਜ ਆਦਿ ਸੁਵਿਧਾਵਾਂ ਡਾਟਸ ਅਧੀਨ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ।