ਤਹਿਸੀਲ ਕੰਪਲੈਕਸ ਦੇ ਦੁਕਾਨਦਾਰਾਂ ’ਚ ਰੋਸ, ਵਿਧਾਇਕਾ ਖਿਲਾਫ ਲਾਏ ਪੋਸਟਰ
ਜਗਰਾਉਂ, 25 ਮਾਰਚ ( ਰਾਜੇਸ਼ ਜੈਨ, ਭਗਵਾਨ ਭੰਗੂ )-ਪਿਛਲੇ ਕਈ ਸਾਲਾਂ ਤੋਂ ਤਹਿਸੀਲ ਰੋਡ ’ਤੇ ਸਥਿਤ ਐਸ.ਡੀ.ਐਮ ਦਫਤਰ ਅਤੇ ਕੋਰਟ ਕੰਪਲੈਕਸ ਦੇ ਸਾਹਮਣੇ ਮੇਨ ਸੜਕ ਤੇ ਬਰਸਾਤ ਦੇ ਮੌਸਮ ਦੌਰਾਨ ਭਾਰੀ ਪਾਣੀ ਜਮ੍ਹਾ ਹੋਣ ਦੀ ਸਮੱਸਿਆ ਬਣੀ ਹੋਈ ਹੈ। ਜਿਸ ਦੇ ਹੱਲ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਥਾਨਕ ਸਿਆਸੀ ਆਗੂਆਂ ਵੱਲੋਂ ਸਮੇਂ-ਸਮੇਂ ’ਤੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਬਰਸਾਤ ਤੋਂ ਬਾਅਦ ਕਈ ਦਿਨਾਂ ਤੋਂ ਸੜਕ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਪੁਲ ਦੀਆਂ ਕੰਧਾਂ ’ਚ ਵੀ ਕਈ ਥਾਵਾਂ ’ਤੇ ਤਰੇੜਾਂ ਆ ਗਈਆਂ ਹਨ। ਜਿਸ ਦੀ ਕਈ ਵਾਰ ਮੁਰੰਮਤ ਵੀ ਕਰਨੀ ਪਈ। ਸੜਕ ’ਤੇ ਜਮ੍ਹਾ ਹੋ ਰਹੇ ਇਸ ਪਾਣੀ ਦੀ ਸਮੱਸਿਆ ਦੇ ਹੱਲ ਲਈ ਪਿਛਲੇ ਸਮੇਂ ਦੌਰਾਨ ਤਾਇਨਾਤ ਐਸਡੀਐਮ ਵੱਲੋਂ ਸੜਕ ’ਤੇ ਬੋਰ ਕਰਵਾ ਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਗਿਆ ਸੀ। ਪਰ ਉਹ ਵੀ ਕੰਮ ਨਹੀਂ ਆਇਆ। ਉਸ ਤੋਂ ਬਾਅਦ ਸਥਾਨਕ ‘ਆਪ’ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਬੁਲਾ ਕੇ ਸੜਕ ’ਤੇ ਜਮ੍ਹਾਂ ਰਹਿਣ ਵਾਲੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ। ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਸ਼ੁੱਕਰਵਾਰ ਰਾਤ ਨੂੰ ਪਏ ਭਾਰੀ ਮੀਂਹ ਕਾਰਨ ਐਸਡੀਐਮ ਦਫਤਰ ਅਤੇ ਕੋਰਟ ਕੰਪਲੈਕਸ ਦੇ ਸਾਹਮਣੇ ਸੜਕ ’ਤੇ ਵੱਡੀ ਮਾਤਰਾ ਵਿੱਚ ਪਾਣੀ ਜਮ੍ਹਾਂਾਂ ਹੋ ਗਿਆ। ਜਿਸ ਨੂੰ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਸ਼ਨੀਵਾਰ ਸਵੇਰੇ ਤਹਿਸੀਲ ਕੰਪਲੈਕਸ ਦੀ ਪਾਰਕਿੰਗ ਵਿੱਚ ਮੋਟਰ ਲਗਾ ਕੇ ਛੱਡ ਦਿੱਤਾ ਗਿਆ। ਜਿਸ ਕਾਰਨ ਉਥੇ ਵੱਡੇ ਛੱਪੜ ਵਰਗੀ ਸਥਿਤੀ ਬਣ ਗਈ। ਨਗਰ ਕੌਾਸਲ ਦੀ ਇਸ ਕਾਰਵਾਈ ’ਤੇ ਤਹਿਸੀਲ ਕੰਪਲੈਕਸ ’ਚ ਕੰਮ ਕਰਦੇ ਟਾਈਪਿਸਟ, ਅਸ਼ਟਾਮ ਫਰੋਸ਼ਾਂ ਅਤੇ ਹੋਰ ਦੁਕਾਨਦਾਰਾਂ ਲਸੋਂ ਰੋਸ ਜਾਹਿਰ ਕੀਤਾ ਗਿਆ।
ਵਿਧਾਇਕਾ ਦੇ ਖਿਲਾਫ ਲਗਾਏ ਪੋਸਟਰ – ਇੱਥੇ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਤਹਿਸੀਲ ਕੰਪਲੈਕਸ ਦੀ ਪਾਰਕਿੰਗ ਵਾਲੀ ਥਾਂ ’ਤੇ ਜਮ੍ਹਾਂ ਸੜਕ ’ਤੇ ਇਕੱਠਾ ਹੋਇਆ ਪਾਣੀ ਛੱਡਣ ਅਤੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਸਮੇਂ-ਸਮੇਂ ’ਤੇ ਕੀਤੇ ਜਾ ਰਹੇ ਦਾਅਵਿਆਂ ਤੋਂ ਨਾਰਾਜ਼ ਲੋਕਾਂ ਵੱਲੋਂ ਉਥੇ ਬਿਜਲੀ ਦੇ ਮੀਟਰਾਂ ਦੇ ਇੱਕ ਬਕਸੇ ’ਤੇ ਬੀਬੀ ਸਰਵਜੀਤ ਕੌਰ ਮਾਣੂੰਕੇ ਬਣੀ ਜਗਰਾਉਂ ਦੀ ਪਾਣੀ ਮੰਤਰੀ.. ਦਾ ਪੋਸਟਰ ਚਿਪਕਾ ਕੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ।
ਇਹ ਸੜਕ ਟੋਲ ਪਲਾਜ਼ਾ ਦੇ ਦਾਇਰੇ ਵਿੱਚ-ਸਰਕਾਰ ਲੁਧਿਆਣਾਂਆ-ਫਿਰੋਜਪੁਰ ਮੁੱਖ ਮਾਰਗ ਤੇ ਚੌਕੀਮਾਨ ਦੇ ਕੋਲ ਬਣੇ ਟੋਲ ਪਲਾਜ਼ਾ ਤੋਂ ਵੱਡੀ ਰਕਮ ਟੋਲ ਵਜੋਂ ਵਸੂਲਦੀ ਹੈ ਅਤੇ ਚੌਕੀਮਾਨ ਟੋਲ ਪਲਾਜ਼ਾ ਨੂੰ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜਗਰਾਉਂ ਦੀ ਇਹ ਸੜਕ ਵੀ ਇਸ ਟੋਲ ਪਲਾਜ਼ਾ ਅਧੀਨ ਆਉਂਦੀ ਹੈ। ਇਸ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਵੀ ਟੋਲ ਪਲਾਜ਼ਾ ਦੇ ਅਧਿਕਾਰੀਆਂ ਦੀ ਹੈ। ਪਿਛਲੇ ਦਿਨੀਂ ਜਦੋਂ ਨਗਰ ਕੌਾਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਆਪਣੇ ਸਾਥੀਆਂ ਸਮੇਤ ਟੋਲ ਪਲਾਜ਼ਾ ’ਤੇ ਧਰਨਾ ਦੇਣ ਲਈ ਗਏ ਤਾਂ ਉਸ ਸਮੇਂ ਇਸ ਸੜਕ ਤੇ ਟੋਲ ਪ੍ਰਬੰਧਕਾਂ ਵੋਲੰ ਸਫ਼ਾਈ ਦਾ ਕੰਮ ਅਤੇ ਸੜਕ ’ਤੇ ਪਏ ਟੋਇਆਂ ਨੂੰ ਭਰਨ ਦਾ ਕੰਮ ਕਰਵਾਇਆ ਗਿਆ ਸੀ। ਪਰ ਫਿਰ ਵੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਹੀਂ ਕੀਤੇ ਗਏ। ਇਸ ਸੜਕ ’ਤੇ ਇੱਕ ਵੱਡਾ ਨਾਲਾ ਹੈ ਜੋ ਸੇਮ ਨੂੰ ਜਾਂਦਾ ਹੈ। ਉਸ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਇੱਥੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ।
ਕੀ ਕਹਿਣਾ ਹੈ ਪ੍ਰਧਾਨ ਦਾ- ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸੜਕ ’ਤੇ ਪਾਣੀ ਜਮ੍ਹਾਂ ਹੋਣ ਦਾ ਕਾਰਨ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਦੀ ਅਣਗਹਿਲੀ ਹੈ। ਇਸ ਸਬੰਧੀ ਅਸੀਂ ਪਿਛਲੇ ਸਮੇਂ ਟੋਲ ਪਲਾਡਾ ਤੇ ਪਹੁੰਚ ਕੇ ਧਰਨਾ ਪ੍ਰਦਰਸ਼ਨ ਵੀ ਕੀਤਾ ਸੀ ਅਤੇ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਨੂੰ ਇਸ ਪਾਣੀ ਦੀ ਨਿਕਾਸੀ ਲਈ ਨਗਰ ਕੌਸਲ ਦੇ ਸੀਵਰੇਜ ਤੱਕ ਇਸ ਸੜਕ ’ਤੇ ਪਾਈਪਾਂ ਪਾਉਣ ਦੀ ਪੇਸ਼ਕਸ਼ ਵੀ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨਾ ਤਾਂ ਇਸ ਸੜਕ ’ਤੇ ਨਾਲੇ ਦੀ ਸਫ਼ਾਈ ਕਰਵਾਈ ਅਤੇ ਨਾ ਹੀ ਪਾਣੀ ਦੀ ਨਿਕਾਸੀ ਲਈ ਪਾਈਪਾਂ ਪਾਈਆਂ।


