ਫ਼ਤਹਿਗੜ੍ਹ ਸਾਹਿਬ, 06 ਅਪ੍ਰੈਲ ( ਮੋਹਿਤ ਜੈਨ)-ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਫੌਜਦਾਰੀ ਦੰਡ ਸੰਘਤਾ 1973 ( 2 ਆਫ 1974 ) ਦੀ ਧਾਰਾ 144 ਅਧੀਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਸ਼ਾਮ 07:00 ਵਜੇ ਤੋਂ ਸਵੇਰੇ 06:00 ਵਜੇ ਤੱਕ ਕੰਬਾਇਨਾਂ ਨਾਲ ਕਣਕ ਦੀ ਕਟਾਈ ਕਰਵਾਉਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਬਿਨਾਂ ਸੁਪਰ ਐਸ.ਐਮ.ਐਸ. (ਸਟਰਾਅ ਮੈਨੇਜਮੈਂਟ ਸਿਸਟਮ) ਲਗਾਏ ਕੰਬਾਇਨਾ ਵਰਤਣ ਤੇ ਵੀ ਪਾਬੰਦੀ ਲਗਾਈ ਗਈ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਕਈ ਵਾਰ ਕੰਬਾਇਨਾਂ 24 ਘੰਟੇ ਕੰਮ ਕਰਦੀਆਂ ਹਨ ਅਤੇ ਰਾਤ ਵੇਲੇ ਕੰਬਾਇਨਾਂ ਸਿੱਲੀ ਅਤੇ ਨਮ੍ਹ ਕਣਕ ਦੀ ਕੱਟ ਦਿੰਦੀਆ ਹਨ ਜਿਸ ਕਾਰਨ ਫਸਲ ਵਿੱਚ ਨਮੀ ਦੀ ਮਿਕਦਾਰ ਬਹੁਤ ਜਿਆਦਾ ਹੋ ਜਾਂਦੀ ਹੈ। ਜਦੋਂ ਇਹ ਕਣਕ ਮੰਡੀਆਂ ਵਿੱਚ ਵਿਕਣ ਲਈ ਆਉਂਦੀ ਹੈ ਤਾਂ ਤੈਅ ਮਾਪਦੰਡਾਂ ਤੋਂ ਵਧੇਰੇ ਨਮੀ ਵਾਲੀ ਫਸਲ ਖਰੀਦ ਏਜੰਸੀਆਂ ਖਰੀਦਣ ਤੋਂ ਇਨਕਾਰ ਕਰ ਦਿੰਦੀਆਂ ਹਨ ਜਿਸ ਦੇ ਸਿੱਟੇ ਵਜੋਂ ਮੰਡੀਆਂ ਵਿੱਚ ਅਣਵਿਕੀ ਕਣਕ ਦੇ ਅੰਬਾਰ ਲੱਗ ਜਾਂਦੇ ਹਨ। ਸਮੇਂ ਸਿਰ ਕਣਕ ਨਾ ਵਿਕਣ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ ਜਿਸ ਨਾਲ ਅਮਨ ਕਾਨੁੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਬਿਨਾਂ ਸੁਪਰ ਐਸ.ਐਮ.ਐਸ. (ਸਟਰਾਅ ਮੈਨੇਜਮੈਂਟ ਸਿਸਟਮ ) ਲਗਾਉਣ ਵਾਲੀਆ ਕੰਬਾਇਨਾਂ ਦੀ ਵਰਤੋਂ ਤੇ ਵੀ ਪਾਬੰਦੀ ਲਗਾਈ ਗਈ ਹੈ। ਮਨਾਹੀਂ ਦੇ ਇਹ ਹੁਕਮ 04 ਜੂਨ, 2023 ਤੱਕ ਲਾਗੂ ਰਹਿਣਗੇ।