ਜਗਰਾਉਂ, 14 ਦਸੰਬਰ ( ਬੌਬੀ ਸਹਿਜਲ, ਧਰਮਿੰਦਰ)-ਬੁਲਡੋਜ਼ਰੀ ਮੁਹਿੰਮ ਨੇ 70 ਸਾਲ ਤੋਂ ਲਤੀਫਪੁਰਾ ਵਿਖੇ ਰਹਿ ਰਹੇ ਲੋਕਾਂ ਨੂੰ ਉਜਾੜ ਕੇ ਨੀਲੇ ਅੰਬਰ ਥੱਲੇ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਇਸ ਘਟਨਾ ਨਾਲ ਆਦਮੀ ਪਾਰਟੀ ਦੇ ਇਨਕਲਾਬ ਦੇ ਮਾਇਨੇ ਲੋਕਾਂ ਨੂੰ ਸਮਝ ਆਉਣ ਲੱਗ ਪਏ ਹਨ। ਇਨ੍ਹਾਂ ਲੋਕਾਂ ਨੂੰ 1947 ਦੇ ਉਜਾੜੇ ਦਾ ਹੌਲਨਾਕ ਮੰਜਰ ਹੁਣ 2022 ਵਿੱਚ ਆਮ ਆਦਮੀ ਪਾਰਟੀ ਦੇ ਨਾਂ ਤੇ ਸੱਤਾਨਾਸ਼ੀਨ ਹੋਈ ਭਗਵੰਤ ਮਾਨ ਦੀ ਸਰਕਾਰ ਨੇ ਮੁੜ ਯਾਦ ਕਰਵਾ ਦਿੱਤਾ ਹੈ। ਇਨਕਲਾਬੀ ਕੇਂਦਰ,ਪੰਜਾਬ ਨੇ ਜਿਲ੍ਹਾ ਪੑਸ਼ਾਸ਼ਨ ਦੇ ਇਸ ਅਣਮਨੁੱਖੀ, ਅਸੰਵੇਦਨਸ਼ੀਲ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਨਕਲਾਬੀ ਕੇਂਦਰ, ਪੰਜਾਬ ਦੇ ਪੑਧਾਨ ਸਾਥੀ ਨਰਾਇਣ ਦੱਤ,ਜਰਨਲ ਸਕੱਤਰ ਕੰਵਲਜੀਤ ਖੰਨਾ ਨੇ ਜਾਰੀ ਪੑੈੱਸ ਬਿਆਨ ਰਾਹੀਂ ਕਿਹਾ ਕਿ ਇਸੇ ਸਾਲ ਮਾਰਚ ਮਹੀਨੇ ਪੰਜਾਬ ਦੀ ਹਕੂਮਤੀ ਗੱਦੀ ਉੱਪਰ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਕਿਸਾਨ, ਮਜਦੂਰ, ਮੁਲਾਜਮ, ਨੌਜਵਾਨਾਂ ਦੇ ਬੁਨਿਆਦੀ ਪਹਿਲੂਆਂ ਨੂੰ ਵਿਸਾਰ ਰਹੀ ਹੈ। ਨਾਲ ਦੀ ਨਾਲ ਸੰਘਰਸ਼ ਕਰ ਰਹੇ ਤਬਕਿਆਂ ਖਾਸ ਕਰ ਮਜਦੂਰਾਂ ਅਤੇ ਬੇਰੁਜ਼ਗਾਰਾਂ ਦੇ ਹੱਕੀ ਸੰਘਰਸ਼ਾਂ ਨੂੰ ਹਕੂਮਤੀ ਡੰਡੇ ਦੇ ਜੋਰ ਦਬਾ ਰਹੀ ਹੈ। ਇਹੀ ਸਰਕਾਰ ਇੱਕ ਪਾਸੇ ਦਹਾਕਿਆਂ ਬੱਧੀ ਸਮੇਂ ਤੋਂ ਛੋਟੇ-ਛੋਟੇ ਮਕਾਨਾਂ ਵਿੱਚ ਜ਼ਿੰਦਗੀ ਜਿਉਂ ਰਹੇ ਲੋਕਾਂ ਨੂੰ ਅਦਾਲਤੀ ਹੁਕਮਾਂ ਦੇ ਬਹਾਨੇ ਉਜਾੜ ਰਹੀ ਹੈ। ਦੂਜੇ ਪਾਸੇ ਆਮ ਆਦਮੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ
ਦੀ ਮਾਲਕੀ ਵਾਲੀ ਦੀ ਪੑਾਈਵੇਟ ਲਵਲੀ ਪੑਫੈਸ਼ਨਲ ਯੂਨੀਵਰਸਿਟੀ ਵੱਲੋਂ ਕੀਤਾ ਨਜਾਇਜ਼ ਕਬਜ਼ਾ ਆਪ ਸਰਕਾਰ ਦੇ ਨਜ਼ਰ ਨਹੀਂ ਪਿਆ। ਇਸ ਯੂਨੀਵਰਸਿਟੀ ਨੇ ਗੁਰਦਵਾਰਾ ਸਾਹਿਬ ਦੀ 6 ਕਨਾਲ ਤੋਂ ਵਧੇਰੇ ਜਮੀਨ ਉੱਪਰ ਨਜਾਇਜ਼ ਕਬਜ਼ਾ ਕਰਕੇ ਯੂਨੀਵਰਸਿਟੀ ਵਿੱਚ ਹੀ ਮਿਲਾ ਲਿਆ ਹੈ। ਇਸੇ ਤਰ੍ਹਾਂ ਸਿਆਸੀ ਸਰਪੑਸਤੀ ਵੱਡੇ ਘਰਾਣਿਆਂ ਵੱਲੋਂ ਬੇਸ਼ਕੀਮਤੀ ਮਹਾਂਨਗਰਾਂ,ਸ਼ਹਿਰਾਂ ਅਤੇ ਪਿੰਡਾਂ ਦੇ ਧਨਾਢਾਂ ਦੀਆਂ ਉੱਪਰ ਕੀਤੇ ਨਜਾਇਜ਼ ਕਬਜਿਆਂ ਦੀਆਂ ਮਿਸਾਲਾਂ ਹਨ। ਸਰਕਾਰ ਵੱਲ ਸੱਤਾ ਸਾਂਭਣ ਮੌਕੇ ਨਜਾਇਜ਼ ਕਬਜ਼ੇ ਛੁਡਵਾਉਣ ਦੀਆਂ ਵੱਡੀਆਂ ਡੀਗਾਂ ਮਾਰੀਆਂ ਗਈਆਂ ਸਨ। ਕਰੋੜਾਂ ਰੁ. ਦੀ ਇਸ਼ਤਿਹਾਰਬਾਜ਼ੀ ਕੀਤੀ ਗਈ। ਆਗੂਆਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਕੱਛ ਇਲਾਕੇ ਵਿੱਚ ਇਸੇ ਤਰ੍ਹਾਂ ਦਹਾਕਿਆਂ ਬੱਧੀ ਸਮੇਂ ਤੋਂ ਕਾਬਜ਼ ਪੰਜਾਬੀ ਕਿਸਾਨਾਂ ਦੇ ਹੱਕ ਵਿੱਚ ਖੜਨ/ਇਨਸਾਫ਼ ਦਿਵਾਉਣ ਦੇ ਵੱਡੇ-ਵੱਡੇ ਐਲਾਨ ਕੀਤੇ ਗਏ। ਲਤੀਫ਼ ਪੁਰਾ ਲੋਕਾਂ ਦਾ ਉਜਾੜਾ ਆਮ ਆਦਮੀ ਪਾਰਟੀ ਦੀ ਸਿਰੇ ਦੀ ਧੱਕੜ, ਗੈਰਜਮਹੂਰੀ, ਤਾਨਾਸ਼ਾਹ ਕਾਰਵਾਈ ਹੈ। ਪੑਸ਼ਾਸ਼ਨ/ਸਰਕਾਰਾਂ ਅਦਾਲਤਾਂ ਵਿੱਚ ਜਾਣ ਮੌਕੇ ਪ੍ਭਾਵਿਤ ਲੋਕਾਈ ਉੱਪਰ ਪੈਣ ਵਾਲੇ ਪੑਭਾਵਾਂ ਨੂੰ ਜਾਣਬੁੱਝ ਕੇ ਅਣਗੌਲਿਆਂ ਕਰਦੇ ਹਨ। ਕਿਉਂਕਿ ਅਜਿਹੇ ਫੈਸਲਿਆਂ ਤੋਂ ਪੑਭਾਵਿਤ ਹੋਣ ਵਾਲੇ ਲੋਕ ਅਕਸਰ ਹੀ ਅਦਾਲਤੀ ਪੈਰਵਾਈ ਕਰਨ ਤੋਂ ਵੀ ਅਸਮਰੱਥ ਹੁੰਦੇ ਹਨ। ਇਨਕਲਾਬੀ ਕੇਂਦਰ, ਪੰਜਾਬ ਦੇ ਆਗੂਆਂ ਮੁਖਤਿਆਰ ਪੂਹਲਾ, ਜਸਵੰਤ ਜੀਰਖ ਅਤੇ ਜਗਜੀਤ ਸਿੰਘ ਲਹਿਰਾ ਮੁਹੱਬਤ ਨੇ ਲਤੀਫ਼ ਪੁਰਾ ਦੇ ਲੋਕਾਂ ਲਈ ਬਦਲਵੇਂ ਰਿਹਾਇਸ਼ੀ ਪੑਬੰਧ, ਖਾਣਾ, ਨਹਾਉਣ ਧੋਣ ਅਤੇ ਹੋਰ ਲੋੜੀਦੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਜੋਰਦਾਰ ਮੰਗ ਕੀਤੀ ਹੈ।