ਗੁਰੂ ਘਰਾਂ ਅੰਦਰ ਬਜ਼ੁਰਗਾਂ, ਬਿਮਾਰ ਲੋਕਾਂ ਦੇ ਬੈਠਣ ਲਈ ਲਗਾਏ ਬੈਂਚ ਹਟਾਉਣ ਨੂੰ ਲੈ ਕੇ ਪੈਦਾ ਹੋਈ ਸਥਿਤੀ ਨੂੰ ਵਿਵਾਦ ਨਹੀਂ ਬਣਨ ਦੇਣਾ ਚਾਹੀਦਾ। ਇਸਦਾ ਤੁਰੰਤ ਕੋਈ ਸਾਰਥਕ ਹਲ ਨਿਕਲਣਾ ਬੇ ਹੱਦ ਜਰੂਰੀ ਹੈ। ਮੌਜੂਦਾ ਸਮੇਂ ਅੰਦਰ ਵਾਰਿਸ ਪੰਜਾਬ ਦੇ ਨਾਮ ਦੀ ਜਥੇਬੰਦੀ ਦੇ ਆਗੂ ਭਾਈ ਅਮਿ੍ਤਪਾਲ ਸਿੰਘ ਵਲੋਂ ਗੁਰੂ ਘਰਾਂ ਵਿੱਚ ਲਗਾਏ ਗਏ ਛੋਟੇ ਬੈਂਚਾਂ ਨੂੰ ਹਟਾਉਣ ਦੇ ਦਿੱਤੇ ਗਏ ਬਿਆਨ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ ਸਾਰੇ ਬੈਂਚਾਂ ਨੂੰ ਹਟਾ ਕੇ ਭੰਨਤੋੜ ਕਰਨੀ ਸ਼ੁਰੂ ਕਰ ਦਿਤੀ ਹੈ। ਜਿਸ ਨੂੰ ਹਿੰਸਕ ਕਾਰਵਾਈ ਵਜੋਂ ਵੀ ਦੇਖਿਆ ਜਾ ਰਿਹਾ ਹੈ ਅਤੇ ਕਈ ਥਾਵਾਂ ’ਤੇ ਝਗੜੇ ਵੀ ਸ਼ੁਰੂ ਹੋ ਗਏ ਹਨ। ਇਸ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਭਾਈ ਹਰਪ੍ਰੀਤ ਸਿੰਘ ਜੀ ਨੂੰ ਦਖਲ ਦੇਣ ਦੀ ਲੋੜ ਹੈ। ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਨਹੀਂ ਬੈਠ ਸਕਦਾ ਅਤੇ ਸਿੱਖ ਸੰਗਤਾਂ ਵਿੱਚ ਗੁਰੂ ਸਾਹਿਬ ਦੇ ਬਰਾਬਰ ਬੈਠਣ ਦੀ ਹਿੰਮਤ ਵੀ ਨਹੀਂ ਹੈ। ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਅਜਿਹੇ ਛੋਟੇ-ਛੋਟੇ ਬੈਂਚਾਂ ਨੂੰ ਇੱਕ ਪਾਸੇ ਲਗਾਇਆ ਜਾਂਦਾ ਹੈ। ਜੋ ਬਜ਼ੁਰਗਾਂ ਅਤੇ ਬਿਮਾਰ ਲੋਕ ਹੇਠਾਂ ਬੈਠਣ ਤੋਂ ਅਸਮਰੱਥ ਹੁੰਦੇ ਹਨ ਉਹ ਮੱਥਾ ਟੇਕ ਤੇ ਪਿੱਛੇ ਆ ਕੇ ਇਨ੍ਹਾਂ ਬੈਂਚਾਂ ਤੇ ਬੈਠ ਤੇ ਗੁਰਬਾਣੀ ਸਰਵਣ ਕਰਦੇ ਹਨ। ਬਦਲਦੇ ਸਮੇਂ ਅਨੁਸਾਰ ਹਰ ਪਾਸੇ ਬਦਲਾਅ ਬਹੁਤ ਜ਼ਰੂਰੀ ਹੈ। ਅੱਜ ਸੋਸ਼ਲ ਮੀਡੀਆ ਦਾ ਸਮਾਂ ਹੈ। ਜਿਸਦੇ ਨਾਲ ਪੂਰੀ ਦੁਨੀਆ ਇਕ ਮੁੱਠੀ ਵਿਚ ਸਮਾ ਜਾਂਦੀ ਹੈ। ਅੱਜ ਦੇ ਦੌਰ ’ਚ ਇੰਟਰਨੈੱਟ ਰਾਹੀਂ ਗੁਰੂ ਘਰ ਭਰੋਸੇ ਦੇ ਸਮਾਗਮ ਲਾਈਵ ਹੁੰਦੇ ਹਨ, ਜਿਨ੍ਹਾਂ ਨੂੰ ਲੱਖਾਂ ਲੋਕ ਆਪੋ ਆਪਣੇ ਘਰਾਂ ਵਿੱਚ ਵੀ ਬੈਠ ਕੇ ਵੇਖਦੇ ਹਨ। ਇਸ ਤੋਂ ਇਲਾਵਾ ਸੰਗਤਾਂ ਦੇ ਵੱਡੇ ਇਕੱਠਾਂ ਨੂੰ ਮੁੱਖ ਰੱਖਦੇ ਹੋਏ ਪੰਡਾਲਾਂ ਵਿਚ ਵੱਡੀਆਂ ਸਕਰੀਨਾਂ ਵੀ ਲਗਾਈਆਂ ਜਾਂਦੀਆਂ ਹਨ। ਪਹਿਲਾਂ ਲੰਗਰ ਬੀਬੀਆਂ ਪਕਾਇਆ ਕਰਦੀਆਂ ਸਨ। ਹੁਣ ਆਧੁਨਿਕ ਮਸ਼ੀਨਾਂ ਹੀ ਲੰਗਰ ਤਿਆਰ ਕਰਦੀਆਂ ਹਨ ਅਤੇ ਲੱਖਾਂ ਲੋਕ ਗੁਰੂਘਰਾਂ ਤੋਂ ਰੋਜਾਨਾ ਲੰਗਰ ਛਕਦੇ ਹਨ। ਇਹ ਸਭ ਸਮੇਂ ਦੀ ਜਰੂਰਤ ਅਨੁਸਾਰ ਹੁੰਦਾ ਹੈ। ਜੇਕਰ ਗੁਰੂ ਸਾਹਿਬ ਦੇ ਸਮੇਂ ਦੀ ਗੱਲ ਕਰੀਏ ਤਾਂ ਉਸ ਸਮੇਂ ਜੰਗਾਂ ਵਿੱਚ ਤੀਰਾਂ ਅਤੇ ਤਲਵਾਰਾਂ, ਹਾਥੀਆਂ ਅਤੇ ਘੋੜਿਆਂ ਨਾਲ ਯੁੱਧ ਲੜਿਆ ਜਾਂਦਾ ਸੀ। ਪਰ ਅੱਜ ਦੇ ਸਮੇਂ ਵਿਚ ਹਾਥੀ, ਘੋੜਿਆਂ ਅਤੇ ਤੀਰ ਤਲਵਾਰਾਂ ਨਾਲ ਕੋਈ ਵੀ ਲੜਾਈ ਲੜੀ ਜਾ ਸਕਦੀ ਹੈ। ਅੱਜ ਆਧੁਨਿਕ ਰਾਈਫਲਾਂ, ਪ੍ਰਮਾਣੂ ਅਤੇ ਇਥੋਂ ਤੱਕ ਕਿ ਜੈਵਿਕ ਹਥਿਆਰਾਂ ਦਾ ਸਮਾਂ ਹੈ ਅਤੇ ਉਹਨਾਂ ਦਾ ਮੁਕਾਬਲਾ ਕਰਨ ਲਈ ਵੀ ਸਮੇਂ ਅਨੁਸਾਰ ਹੀ ਹਥਿਆਰਾਂ ਦੀ ਲੋੜ ਹੁੰਦੀ ਹੈ। ਜੇਕਰ ਪੁਰਾਣੇ ਸਮਿਆਂ ਅਤੇ ਹੁਣ ਦੇ ਸਮੇਂ ਦੀ ਗੱਲ ਕਰੀਏ ਤਾਂ ਪੁਰਾਣੇ ਸਮਿਆਂ ਵਿਚ ਲੋਕਾਂ ਦੀ ਖੁਰਾਕ ਬਹੁਤ ਪੌਸ਼ਟਿਕ ਹੁੰਦੀ ਸੀ ਅਤੇ ਉਹ ਦਿਨ-ਰਾਤ ਸਖ਼ਤ ਮਿਹਨਤ ਕਰਦੇ ਸਨ, ਜਿਸ ਕਾਰਨ ਉਨ੍ਹਾਂ ਦਾ ਸਰੀਰ ਤੰਦਰੁਸਤ ਰਹਿੰਦੇ ਸਨ ਅਤੇ ਉਨ੍ਹਾਂ ਨੂੰ ਕੋਈ ਗੰਭੀਰ ਬਿਮਾਰੀਆਂ ਨਹੀਂ ਸਨ ਹੁੰਦੀਆਂ। ਅੱਜ ਅਸੀਂ ਪੈਸਟੀਸਾਇਡ ਨਾਲ ਪਾਲਿਆ ਹੋਇਆ ਖਾਣਾ, ਜ਼ਗਰੀਲੀ ਹਵਾ ਵਿਚ ਸਾਹ ਲੈ ਰਹੇ ਹਾਂ। ਜਿਸ ਕਾਰਨ ਅੱਜ ਹਰ ਵਿਅਕਤੀ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹੈ। ਇਸ ਲਈ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਜੇਕਰ ਗੁਰੂ ਘਰਾਂ ’ਚ ਬਜ਼ੁਰਗਾਂ ਅਤੇ ਬਿਮਾਰ ਲੋਕਾਂ ਲਈ ਬੈਂਚ ਰੱਖੇ ਗਏ ਸਨ ਤਾਂ ਉਨ੍ਹਾਂ ਨੂੰ ਹਟਾਉਣ ਜਾਂ ਨਾ ਹਟਾਉਣ ਸੰਬਧੀ ਸਮੁੱਚੀ ਕੌਮ ਇਕਮੁੱਠ ਹੋ ਕੇ ਫੈਸਲਾ ਲਏ ਨਾ ਕਿ ਇਕ ਕੁਝ ਹੋਰ ਅਤੇ ਦੂਸਰਾ ਕੁਝ ਹੋਰ ਕਹੇ। ਇਸ ਮਾਮਲੇ ਦੀ ਗੰਭੀਰਤਾ ਅਤੇ ਪੈਦਾ ਹੋ ਰਹੇ ਹਾਲਾਤਾਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੁਰੰਤ ਦਖਲ ਦੇਣਾ ਚਾਹੀਦਾ ਹੈ ਤਾਂ ਕਿ ਕੌਮ ਵਿਚ ਇਸ ਮਾਮਲੇ ਨੂੰ ਲੈ ਕੇ ਪੈ ਰਹੀ ਫੁੱਟ ਅਤੇ ਟਕਰਾਅ ਨੂੰ ਸਮਾਂ ਰਹਿੰਦੇ ਰੋਕਿਆ ਜਾ ਸਕੇ। ਇਸ ਵਿਵਾਦ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ ਤਾਂ ਜੋ ਦੁਬਿਧਾ ਵਿੱਚ ਫਸੀ ਕੌਮ ਨੂੰ ਕਿਸੇ ਨਵੇਂ ਵਿਵਾਦ ਵਿੱਚ ਫਸਣ ਤੋਂ ਬਚਾਇਆ ਜਾ ਸਕੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅੱਗੇ ਆ ਕੇ ਦਖਲ ਦੇ ਕੇ ਕੌਮ ਨੂੰ ਸੇਧ ਦੇਣ। ਜੇਕਰ ਇਹ ਝਗੜਾ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਇਸ ਦੇ ਸਿੱਟੇ ਅੱਗੇ ਜਾ ਕੇ ਗੰਭੀਰ ਰੂਪ ਧਾਰਣ ਕਰ ਸਕਦੇ ਹਨ।
ਹਰਵਿੰਦਰ ਸਿੰਘ ਸੱਗੂ ।