ਬਿੱਟੂ ਨੇ ਵਿਗਾੜਿਆ ਬੈਂਸ ਭਰਾਵਾਂ ਦਾ ਖੇਲ
ਰਾਜਨੀਤੀ ’ਚ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ। ਖਾਸ ਕਰਕੇ ਭਾਰਤ ਦੀ ਰਾਜਨੀਤੀ ਵਿਚ ਇਹ 100 ਫੀਸਦੀ ਸਹੀ ਹੈ। ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਪਾਰਟੀ ਦੇ ਨੇਤਾਵਾਂ ਦੀ ਕਾਫੀ ਦਲਬਦਲੀ ਹੁੰਦੀ ਹੈ ਅਤੇ ਜਿਵੇਂ ਹੀ ਚੋਣਾਂ ਖਤਮ ਹੁੰਦੀਆਂ ਹਨ ਸਭ ਕੁਝ ਸ਼ਾਂਤ ਹੋ ਜਾਂਦਾ ਹੈ। ਲੁਧਿਆਣਾ ਦੇ ਬੈਂਸ ਭਰਾ ਲੁਧਿਆਣਾ ਦੀ ਰਾਜਨੀਤੀ ਵਿੱਚ ਇੱਕ ਪ੍ਰਸਿੱਧ ਚਿਹਰਾ ਹਨ। ਅੱਗੇ ਚੱਲਣ ਤੋਂ ਪਹਿਲਾਂ ਬੈਂਸ ਭਰਾਵਾਂ ਦੇ ਰਾਜਨੀਤਿਕ ਸਫਰ ਬਾਰੇ ਥੋੜੀ ਚਰਚਾ ਕਰ ਲੈਂਦੇ ਹਾਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਸਿਮਰਨਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਇਕੱਠੇ ਹੀ ਰਾਜਨੀਤੀ ਵਿੱਚ ਸਰਗਰਮ ਰਹੇ ਹਨ। ਭ੍ਰਿਸ਼ਟਾਚਾਰ ਨੂੰ ਲੈ ਕੇ ਇੱਕ ਤਹਿਸੀਲਦਾਰ ਦੀ ਕੁੱਟਮਾਰ ਕਰਨ ਨਾਲ ਇਕਦਮ ਚਰਚਾ ਵਿਚ ਆਏ। ਉੁਸਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਦੋਵੇਂ ਭਰਾ ਪਹਿਲੀ ਵਾਰ ਵਿਧਾਇਕ ਬਣੇ। ਫਿਰ ਸ਼੍ਰੋਮਣੀ ਅਕਾਲੀ ਦਲ ਨਾਲ ਤਕਰਾਰ ਹੋ ਗਈ। ਦੋਵੇਂ ਭਰਾ ਆਜ਼ਾਦ ਚੋਣ ਲੜੇ ਅਤੇ ਜਿੱਤ ਗਏ। ਉਸਤੋਂ ਬਾਅਦ ਆਪਣੀ ਲੋਕ ਇਨਸਾਫ ਪਾਰਟੀ ਬਣਾਈ। ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਦੋਵੇਂ ਭਰਾ ਫਿਰ ਵਿਧਾਇਕ ਬਣ ਗਏ। ਫਿਰ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਲਿਆ। ਲੋਕ ਸਭਾ ਚੋਣਾਂ ਵਿਚ ਸਿਮਰਨਜੀਤ ਸਿੰਘ ਬੈਂਸ ਨੇ ਕਿਸਮਤ ਅਜਮਾਈ ਤਾਂ ਕਾਂਗਰਸ ਦੇ ਰਵਨੀਤ ਬਿੱਟੂ ਤੋਂ ਹਾਰ ਗਏ। ਪਰ ਲੁਧਿਆਣਾ ਜਿਲੇ ਵਿਚ ਦੂਸਰਾ ਨੰਬਰ ਹਾਸਿਲ ਕਰਨ ਵਿਚ ਸਫਲ ਰਹੇ। ਇਸ ਵਾਰ ਕਿਸੇ ਵੱਡੀ ਰਾਜਨੀਤਿਕ ਪਾਰਟੀ ਨਾਲ ਤਾਲਮੇਲ ਨਾ ਹੋਣ ਕਾਰਨ ਵਿਧਾਨ ਸਭਾ ਚੋਣਾਂ ਵਿਚ ਦੋਵੇਂ ਭਰਾ ਹਾਰ ਗਏ। ਉਸਤੋਂ ਬਾਅਦ ਜਲੰਧਰ ਦੇ ਐਮਪੀ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਲੋਕ ਸਭਾ ਸੀਟ ਤੇ ਹੋਈ ਜਿਮਨੀ ਚੋਣ ਵਿਚ ਖੁੱਲ੍ਹ ਕੇ ਭਾਜਪਾ ਦਾ ਸਮਰਥਨ ਕੀਤਾ। ਉਨ੍ਹਾਂ ਨੇ ਚੋਣਾਂ ’ਚ ਭਾਜਪਾ ਦੇ ਉਮੀਦਵਾਰ ਨੂੰ ਭਾਰੀ ਵੋਟਾਂ ਪਾ ਕੇ ਉਨ੍ਹਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਅਤੇ ਭਾਜਪਾ ਉਮੀਦਵਾਰ ਲਦੀ ਜਿੱਤ ਦਾ ਵੱਡਾ ਦਾਅਵਾ ਵੀ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਲੀਡਰਸ਼ਿਪ ਦਾ ਬਾਕਾਇਦਾ ਗੁਨਗਾਣ ਵੀ ਕੀਤਾ। ਉਸ ਸਮੇਂ ਤੋਂ ਹੀ ਮੰਨਿਆ ਜਾ ਰਿਹਾ ਸੀ ਕਿ ਸਿਮਰਨਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਣਗੇ। ਜਦੋਂ ਲੋਕ ਸਭਾ ਚੋਣਾਂ ਦਾ ਬਿਗੁਲ ਵੱਜਿਆ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਨਹੀਂ ਹੁੰਦਾ ਤਾਂ ਸਿਮਰਨਜੀਤ ਸਿੰਘ ਬੈਂਸ ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਹੋਣਗੇ। ਖੁਦ ਬੈਂਸ ਭਰਾ ਅਤੇ ਉਨ੍ਹਾਂ ਦੇ ਸਮਰਥਕ ਵੀ ਇਹੀ ਮੰਨ ਰਹੇ ਸਨ। ਅਸੀਂ ਪਹਿਲਾਂ ਕਿਹਾ ਸੀ ਕਿ ਰਾਜਨੀਤੀ ਵਿੱਚ ਸਭ ਕੁਝ ਸੰਭਵ ਹੈ। ਕੋਈ ਨਹੀਂ ਜਾਣਦਾ ਕਿ ਕਦੋਂ, ਕਿੱਥੇ ਅਤੇ ਕੀ ਰਣਨੀਤੀ ਵਰਤੀ ਜਾਵੇਗੀ। ਇਸਦੇ ਤਹਿਤ ਹੀ ਕਾਂਗਰਸ ਪਾਰਟੀ ਤੋਂ ਤਿੰਨ ਵਾਰ ਸੰਸਦ ਮੈਂਬਰ ਬਣ ਚੁੱਕੇ ਹਨ ਅਤੇ ਮੌਜੂਦਾ ਲੁਧਿਆਣਾ ਲੋਕ ਸਭਾ ਹਲਕੇ ਤੋਂ ਸੰਸਦ ਰਵਨੀਤ ਸਿੰਘ ਬਿੱਟੂ ਅਚਾਨਕ ਕਾਂਗਰਸ ਛੱਡ ਕੇ ਬੀਜੇਪੀ ’ਚ ਸ਼ਾਮਲ ਹੋ ਗਿਆ। ਜਿਸਨੇ ਬੈਂਸ ਭਰਾਵਾਂ ਦੀ ਬਣੀ ਬਣਾਈ ਖੇਡ ਖਰਾਬ ਕਰ ਦਿਤੀ। ਭਾਜਪਾ ਲੀਡਰਸ਼ਿਪ ਬੈਂਸ ਭਰਾਵਾਂ ਨਾਲੋਂ ਰਵਨੀਤ ਬਿੱਟੂ ’ਤੇ ਜ਼ਿਆਦਾ ਭਰੋਸਾ ਕਰਦੀ ਨਜ਼ਰ ਆਈ ਅਤੇ ਭਾਜਪਾ ’ਚ ਸ਼ਾਮਲ ਹੋਣ ਦੇ ਕੁਝ ਹੀ ਦਿਨਾਂ ਬਾਅਦ ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਦਾ ਲੁਧਿਆਣਾ ਤੋਂ ਉਮੀਦਵਾਰ ਐਲਾਨਿਆ ਗਿਆ। ਬੈਂਸ ਭਰਾ ਅੱਜ ਅਜਿਹੇ ਮੁਕਾਮ ’ਤੇ ਖੜ੍ਹੇ ਹਨ ਕਿ ਸਾਰੀਆਂ ਸਿਆਸੀ ਪਾਰਟੀਆਂ ਉਨ੍ਹਾਂ ਵਿਚ ਸੰਭਾਨਾਵਾਂ ਤਲਾਸ਼ ਕਰ ਰਹੀਆਂ ਹਨ। ਸਿਮਰਨਜੀਤ ਸਿੰਘ ਬੈਂਸ ਅੱਜ ਵੀ ਵੱਡੀਆਂ ਰਾਜਨੀਤਿਕ ਪਾਰਟੀਆਂ ਦੀ ਪਸੰਦ ਹਨ। ਬਿੱਟੂ ਦੇ ਭਾਜਪਾਈ ਹੋ ਜਾਣ ਕਾਰਨ ਹੁਣ ਸਿਮਰਨਜੀਤ ਸਿੰਘ ਹੋਰ ਪਾਰਟੀ ਵਿਚ ਭਵਿੱਖ ਤਲਾਸ਼ ਰਹੇ ਹਨ। ਹੁਣ ਉਨ੍ਹਾਂ ਦੀ ਨਜ਼ਰ ਕਾਂਗਰਸ ’ਤੇ ਹੈ। ਇਕ ਸਾਬਕਾ ਮੁੱਖ ਮੰਤਰੀ ਰਾਹੀਂ ਕਾਂਗਰਸ ਹਾਈਕਮਾਂਡ ਦੇ ਸੰਪਰਕ ’ਚ ਵੀ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਇਹ ਦੋਵੇਂ ਭਰਾ ਕਾਂਗਰਸ ’ਚ ਸ਼ਾਮਲ ਹੋ ਜਾਣਗੇ। ਕਾਂਗਰਸ ਲੁਧਿਆਣਾ ਤੋਂ ਸਿਮਰਨਜੀਤ ਸਿੰਘ ਬੈਂਸ ਨੂੰ ਆਪਣਾ ਉਮੀਦਵਾਰ ਐਲਾਨ ਸਕਦੀ ਹੈ। ਪਰ ਉਸਤੋਂ ਬਾਅਦ ਵੀ ਬੈਂਸ ਭਰਾਵਾਂ ਲਈ ਇਸ ਵਾਰ ਮੰਜਿਲ ਆਸਾਨ ਨਹੀਂ ਹੋਵੇਗਾ ਕਿਉਂਕਿ ਇਸ ਵਾਰ ਉਹ ਵਿਧਾਇਕ ਨਹੀਂ ਹਨ। ਭਾਵੇਂ ਪਿਛਲੀਆਂ ਚੋਣਾਂ ਵਿੱਚ ਬੈਂਸ ਲੁਧਿਆਣਾ ਲੋਕ ਸਭਾ ਤੋਂ ਦੂਜੇ ਨੰਬਰ ’ਤੇ ਰਹੇ ਪਰ ਇਸ ਵਾਰ ਮੁਕਾਬਲਾ ਬੇ-ਹੱਦ ਕਠਿਨ ਹੋਵੇਗਾ। ਜੇਕਰ ਕਾਂਗਰਸ ਉਨ੍ਹਾਂ ਨੂੰ ਲੁਧਿਆਣਾ ਤੋਂ ਟਿਕਟ ਦਿੰਦੀ ਹੈ ਤਾਂ ਉਨ੍ਹਾਂ ਨੂੰ ਕਾਂਗਰਸ ਲੀਡਰਸ਼ਿਪ ਦਾ ਪੂਰਾ ਸਮਰਥਨ ਮਿਲਣ ਦੀ ਸੰਭਾਵਨਾ ਨਹੀਂ ਹੈ। ਉਹ ਹੁਣ ਤੱਕ ਕਾਂਗਰਸ ਦੀ ਲੀਡਰਸ਼ਿਪ ਦਾ ਸਖ਼ਤ ਵਿਰੋਧ ਕਰਦੇ ਆ ਰਹੇ ਹਨ। ਭਾਰਤ ਭੂਸ਼ਣ ਆਸ਼ੂ ਅਤੇ ਸਿਮਰਨਜੀਤ ਸਿੰਘ ਬੈਂਸ ਦੀਆਂ ਵੱਖ-ਵੱਖ ਪਾਰਟੀਆਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਆਪਸੀ ਰਿਸ਼ਤੇ ਨਿੱਘੇ ਸਨ ਪਰ ਮੰਨਿਆ ਜਾ ਰਿਹਾ ਹੈ ਕਿ ਹੁਣ ਸੰਬੰਧ ਸੁਖਾਵੇਂ ਨਹੀਂ ਹਨ। ਲੁਧਿਆਣਾ ਦੇ ਪ੍ਰਮੁੱਖ ਡਾਬਰ ਪਰਿਵਾਰ, ਪਾਂਡੇ ਪਰਿਵਾਰ, ਮਿੱਤਲ ਪਰਿਵਾਰ ਉਥੋਂ ਦੀ ਰਾਜਨੀਤੀ ਦੇ ਵੱਡੇ ਧੁਰੇ ਹਨ। ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਲੁਧਿਆਣਾ ਤੋਂ ਟਿਕਟ ਚਾਹੁੰਦੇ ਹਨ ਕਿਉਂਕਿ ਉਹ ਪਹਿਲਾਂ ਵੀ ਇਕ ਵਾਰ ਲੁਧਿਆਣਾ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ, ਇਸ ਲਈ ਉਨ੍ਹਾਂ ਦੇ ਇਕ ਵੱਡੇ ਧੜੇ ਦਾ ਵੀ ਇੱਥੇ ਕਾਫੀ ਪ੍ਰਭਾਵ ਹੈ। ਇਹ ਸਾਰੇ ਧੜ੍ਹੇ ਸਿਮਰਨਜੀਤ ਸਿੰਘ ਬੈਂਸ ਦੇ ਾਕੰਗਰਸ ਦੀ ਟਿਕਟ ਲੈ ਕੇ ਆਉਣ ਦੇ ਬਾਵਜੂਦ ਵੀ ਉਨ੍ਹਾਂ ਦੇ ਸਮਰਥਨ ਵਿਚ ਡਟ ਕੇ ਖੜ੍ਹੇ ਨਹੀਂ ਹੋਣਗੇ। ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਉਹ ਭਾਜਪਾ ਦੇ ਖਿਲਾਫ ਕਿਸ ਤਰ੍ਹਾਂ ਖੜਣਗੇ ਜਿਸ ਦੀ ਉਹ ਕੁਝ ਸਮਾਂ ਪਹਿਲਾਂ ਕਾਫੀ ਤਾਰੀਫਾਂ ਕਰਦੇ ਨਹੀਂ ਸਨ ਥੱਕਦੇ। ਪਿਛਲੀਆਂ ਲੋਕ ਸਭਾ ਚੋਣਾਂ ’ਚ ਸੰਸਦ ਮੈਂਬਰ ਰਵਨੀਤ ਬਿੱਟੂ, ਜੋ ਕਾਂਗਰਸ ਦਾ ਉਮੀਦਵਾਰ ਸੀ, ਉਹ ਹੁਣ ਭਾਜਪਾ ਦਾ ਉਮੀਦਵਾਰ ਹੈ। ਜੇਕਰ ਕਿਸੇ ਕਾਰਨ ਬੈਂਸ ਭਰਾ ਕਾਂਗਰਸ ’ਚ ਸ਼ਾਮਲ ਨਹੀਂ ਹੁੰਦੇ ਤਾਂ ਇਸ ਵਾਰ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣ ਲੜਨੀ ਪਵੇਗੀ ਅਤੇ ਇਸ ਵਾਰ ਪਹਿਲਾਂ ਵਾਂਗ ਮਜਬੂਤ ਪੁਜੀਸ਼ਨ ਹਾਸਿਲ ਕਰਨਾ ਉਨ੍ਹਾਂ ਲਈ ਦੂਰ ਦੀ ਕੌਡੀ ਸਾਬਿਤ ਹੋ ਸਕਦਾ ਹੈ। ਕੁੱਲ ਮਿਲਾ ਕੇ ਇਸ ਵਾਰ ਲੋਕ ਸਭਾ ਹਲਕਾ ਲੁਧਿਆਣਾ ਤੇ ਦਿਲਚਸਪ ਰਾਜਨੀਤਿਕ ਸਰਗਰਮੀਆਂ ਅਤੇ ਰੌਚਕ ਮੁਕਾਬਲਾ ਦੇਖਣ ਨੂੰ ਮਿਲੇਗਾ। ਬਿੱਟੂ ਦਲ ਬਦਲੀ ਕਰਕੇ ਫਿਰ ਸਫਲ ਹੁੰਦੇ ਹਨ ਜਾਂ ਸਿਮਰਨਜੀਤ ਬੈਂਸ ਪੁਜੀਸ਼ਨ ਹਾਸਿਲ ਕਰਨਗੇ ਜਾਂ ਫਿਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਾਜੀ ਮਾਰੇਗਾ।
ਹਰਵਿੰਦਰ ਸਿੰਘ ਸੱਗੂ