Home Political ਸੁਖਬੀਰ ਸਿੰਘ ਬਾਦਲ ਨੇ ਕਿਹਾ ਪੰਜਾਬ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਦੀ...

ਸੁਖਬੀਰ ਸਿੰਘ ਬਾਦਲ ਨੇ ਕਿਹਾ ਪੰਜਾਬ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰੋ

54
0

ਜਗਰਾਓਂ 6 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰਨ ਅਤੇ ਦਿੱਲੀ ਦੀਆਂ ਕੇਂਦਰੀ ਪਾਰਟੀਆਂ ਨੂੰ ਮਾਤ ਪਾਉਣ ਤਾਂ ਜੋ ਧਿਆਨ ਮੁੜ ਤੋਂ ਪੰਜਾਬ ਅਤੇ ਪੰਜਾਬੀਆਂ ’ਤੇ ਕੇਂਦਰਤ ਕੀਤਾ ਜਾ ਸਕੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅੱਜ ਪੰਜਾਬ ਬਚਾਓ ਯਾਤਰਾ ਦੇ ਤਹਿਤ ਰਾਏਕੋਟ ਅਤੇ ਜਗਰਾਓਂ ਦਾ ਦੌਰਾ ਕੀਤਾ ਜਿਥੇ ਦੋਹਾਂ ਹਲਕੇ ਵਿਚ ਹਜ਼ਾਰਾਂ ਲੋਕ ਉਹਨਾਂ ਦੇ ਸਮਰਥਨ ਵਿਚ ਨਿੱਤਰ ਆਏ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਨੂੰ ਪਹਿਲਾਂ ਰੱਖਣ ਤੇ ਸੂਬੇ ਦੇ ਹਿੱਤਾਂ ਦੀ ਰਾਖੀ ਵਾਸਤੇ ਜਾਣਿਆ ਜਾਂਦਾ ਹੈ ਜਦੋਂ ਕਿ ਕੇਂਦਰੀ ਪਾਰਟੀਆਂ ਨੇ ਹਮੇਸ਼ਾ ਪੰਜਾਬੀਆਂ ਨਾਲ ਵਿਤਕਰਾ ਕੀਤਾ ਹੈ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਇਕਲੌਤੀ ਪਾਰਟੀ ਹੈ ਜਿਸਨੇ ਹਮੇਸ਼ਾ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਵਾਸਤੇ ਕੰਮ ਕੀਤਾ ਭਾਵੇਂ ਉਹ ਗਰੀਬ ਵਰਗ ਹੋਵੇ, ਕਿਸਾਨ ਹੋਣ ਜਾਂ ਫਿਰ ਵਪਾਰ ਤੇ ਉਦਯੋਗ ਹੋਵੇ। ਬਾਦਲ ਨੇ ਕਿਹਾ ਕਿ ਅਸੀਂ ਲਗਾਤਾਰ ਗਰੀਬਾਂ ਅਤੇ ਕਿਸਾਨਾਂ ਦੀ ਹਾਲਾਤ ਸੁਧਾਰਨ ਵਾਸਤੇ ਪੂਰੀ ਵਚਨਬੱਧਤਾ ਨਾਲ ਕੰਮ ਕੀਤਾ ਅਤੇ ਆਟਾ-ਦਾਲ ਤੇ ਸ਼ਗਨ ਸਕੀਮ ਤੋਂ ਇਲਾਵਾ ਕਿਸਾਨਾਂ ਲਈ ਮੁਫਤ ਬਿਜਲੀ ਸਕੀਮ ਲਿਆਂਦੀ। ਉਹਨਾਂ ਕਿਹਾ ਕਿ ਅਸੀਂ ਸੂਬੇ ਵਿਚ ਬੁਢਾਪਾ ਪੈਨਸ਼ਨ ਸ਼ੁਰੂ ਕੀਤੀ।
ਜਗਰਾਓਂ ਵਿਚ ਸੀਨੀਅਰ ਆਗੂ ਐਸ ਆਰ ਕਲੇਰ ਅਤੇ ਰਾਏਕੋਟ ਵਿਚ ਬਲਵਿੰਦਰ ਸਿੰਘ ਸੰਧੂ ਵੀ ਬਾਦਲ ਦੇ ਨਾਲ ਸਨ। ਉਹਨਾਂ ਕਿਹਾ ਕਿ ਕਾਂਗਰਸ ਅਤੇ ਆਪ ਦੋਵਾਂ ਨੇ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਮੈਂ ਵਿਧਾਲ ਸਭਾ ਵਿਚ ਕਾਂਗਰਸ ਵਿਧਾਇਕ ਦਲ ਦੇ ਆਗੂ ਤੋਂ ਪੁੱਛਿਆ ਸੀ ਕਿ ਉਹ ਕਾਂਗਰਸ ਸਰਕਾਰ ਵੱਲੋਂ ਕੀਤਾ ਕੋਈ ਇਕ ਕੰਮ ਗਿਣਾ ਦੇਣ ਤਾਂ ਉਹਨਾਂ ਨੂੰ ਜਵਾਬ ਮਿਲਿਆ ਸੀ ਕਿ ਸਰਕਾਰ ਨੇ ਸੜਕਾਂ ’ਤੇ ਪੈਚ ਲਗਾਏ ਹਨ। ਉਹਨਾਂ ਕਿਹਾ ਕਿ ਇਸ ਆਪ ਸਰਕਾਰ ਨੇ ਤਾਂ ਸੜਕਾਂ ’ਤੇ ਪੈਚ ਵੀ ਨਹੀਂ ਲਗਾਏ ਤੇ ਸਾਰੀਆਂ ਸੜਕਾਂ ਦੇ ਹਾਲਾਤ ਬਹੁਤ ਮਾੜੇ ਹਨ ਤੇ ਕਸਬਿਆਂ ਤੇ ਸ਼ਹਿਰਾਂ ਵਿਚ ਸ਼ਹਿਰੀ ਸਹੂਲਤਾਂ ਦਾ ਵੀ ਬੁਰਾ ਹਾਲ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਤੇ ਆਪ ਦੋਵਾਂ ਦਾ ਅਪਵਿੱਤਰ ਗਠਜੋੜ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਨਕਲੀ ਲੜਾਈ ਵਿਖਾ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿਚ ਕਾਂਗਰਸੀਆਂ ਨਾਲ ਸਟੇਜਾਂ ਸਾਂਝੀਆਂ ਕਰ ਰਹੇ ਹਨ।
ਬਾਦਲ ਨੇ ਲੋਕਾਂ ਨੂੰ ਦੋਵਾਂ ਪਾਰਟੀਆਂ ਤੋਂ ਚੌਕੰਨੇ ਰਹਿਣ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਉਸੇ ਤਰੀਕੇ ਸਾਡੇ ਨੌਜਵਾਨਾਂ ’ਤੇ ਐਨ ਐਸ ਏ ਲਗਾਈ ਹੈ ਜਿਵੇਂ ਕਿ ਕਾਂਗਰਸ ਪਾਰਟੀ ਨੇ ਲਗਾਈ ਸੀ। ਉਹਨਾਂ ਕਿਹਾ ਕਿ ਜਿਥੇ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ, ਉਥੇ ਹੀ ਭਗਵੰਤ ਮਾਨ ਨੇ ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਅਕਾਲ ਬੁੰਗਾ ’ਤੇ ਹਮਲਾ ਕੀਤਾ। ਪੰਜਾਬੀਆਂ ਨੂੰ ਝਲਣੀਆਂ ਪੈ ਰਹੀਆਂ ਤਕਲੀਫਾਂ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਨਸ਼ੇ ਦਾ ਪਸਾਰ ਇਸ ਵੇਲੇ ਸਿਖ਼ਰ ’ਤੇ ਹੈ।
ਉਹਨਾਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਗਈ ਹੈ ਤੇ ਗੈਂਗਸਟਰ ਰਾਜ ਚਲ ਰਿਹਾ ਹੈ ਤੇ ਲੋਕਾਂ ਤੋਂ ਫਿਰੌਤੀਆਂ ਵਸੂਲੀਆਂ ਜਾ ਰਹੀਆਂ ਹਨ ਜਿਸ ਕਾਰਨ ਪੰਜਾਬ ਤੋਂ ਪੂੰਜੀ ਹੋਰ ਰਾਜਾਂ ਵਿਚ ਜਾ ਰਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਸੂਬੇ ਵਿਚ ਕੋਈ ਵਿਕਾਸ ਕਾਰਜ ਨਹੀਂ ਕੀਤਾ ਕਿਉਂਕਿ ਸੂਬੇ ਦੇ ਸਰਕਾਰੀ ਫੰਡ ਪਹਿਲਾਂ ਹੋਰ ਰਾਜਾਂ ਵਿਚ ਚੋਣ ਪ੍ਰਚਾਰ ’ਤੇ ਖਰਚੇ ਜਾ ਰਹੇ ਸਨ ਤੇ ਹੁਣ ਅਰਵਿੰਦ ਕੇਜਰੀਵਾਲ ਦੇ ਬਚਾਅ ਵਾਸਤੇ ਖਰਚ ਕੀਤੇ ਜਾ ਰਹੇ ਹਨ।ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਗੁਰਚਰਨ ਸਿੰਘ ਗਰੇਵਾਲ ਤੇ ਪ੍ਰਭਜੋਤ ਸਿੰਘ ਧਾਲੀਵਾਲ ਵੀ ਸਨ।

LEAVE A REPLY

Please enter your comment!
Please enter your name here