ਜਗਰਾਉਂ, 4 ਜੂਨ ( ਲਿਕੇਸ਼ ਸ਼ਰਮਾਂ, ਅਸ਼ਵਨੀ )-ਜਾਇਦਾਦ ਦੇ ਝਗੜੇ ਵਿੱਚ ਧੋਖਾਧੜੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਜਗਰਾਉਂ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਅ (ਪਤੀ, ਪਤਨੀ ਅਤੇ ਉਨ੍ਹਾਂ ਦੇ ਲੜਕੇ ) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਬੱਸ ਸਟੈਂਡ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਕੌਰ ਵਾਸੀ ਪਿੰਡ ਸਲੇਮਪੁਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਹਰਜਿੰਦਰ ਸਿੰਘ, ਉਸ ਦੀ ਪਤਨੀ ਗੁਰਪ੍ਰੀਤ ਕੌਰ ਅਤੇ ਪੁੱਤਰ ਰਮਨਦੀਪ ਸਿੰਘ ਵਾਸੀ ਪਿੰਡ ਅਲੀਗੜ੍ਹ ਨੇ ਇੱਕ ਸਾਜ਼ਿਸ਼ ਤਹਿਤ ਆਪਣੀ ਜ਼ਮੀਨ 30 ਕਨਾਲ 10 ਮਰਲੇ ਜੋ ਕਿ ਪਿੰਡ ਅਲੀਗੜ੍ਹ ਉਰਫ਼ ਸ਼ਹੀਦ ਰਛਪਾਲ ਸਿੰਘ ਨਗਰ ਜਗਰਾਉਂ ਵਿੱਚ ਹੈ, ਜਾ ਸੌਦਾ ਸਾਡੇ ਨਾਲ ਕੀਤਾ ਸੀ। ਉਹ ਜ਼ਮੀਨ ਬੈਂਕ ਕੋਲ ਗਿਰਵੀ ਰੱਖੀ ਹੋਈ ਸੀ ਪਰ ਇਸ ਤੱਥ ਨੂੰ ਛੁਪਾਉਂਦੇ ਹੋਏ ਉਨ੍ਹਾਂ ਨਾਲ 27.50 ਲੱਖ ਰੁਪਏ ਪ੍ਰਤੀ ਕਿਲਾ ਪ੍ਰਤੀ ਏਕੜ ਦੇ ਹਿਸਾਬ ਨਾਲ ਸੌਦਾ ਕਰਕੇ 23 ਲੱਖ ਰੁਪਏ ਐਡਵਾਂਸ ਲੈ ਲਏ। ਜਦੋਂ ਸ਼ਿਕਾਇਤਕਰਤਾ ਨੂੰ ਇਕਰਾਰਨਾਮਾ ਕਰਨ ਸਮੇਂ ਜ਼ਮੀਨ ਗਿਰਵੀ ਰੱਖਣ ਬਾਰੇ ਪਤਾ ਲੱਗਾ ਤਾਂ ਹਰਜਿੰਦਰ ਸਿੰਘ ਆਦਿ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਹ ਰਜਿਸਟਰੀ ਦੀ ਮਿਤੀ ਤੱਕ ਬੈਂਕ ਤੋਂ ਜ਼ਮੀਨ ਰਿਲੀਵ ਕਰਵਾ ਦੇਣਗੇ ਅਤੇ ਰਜਿਸਟਰੀ ਦੀ ਮਿਤੀ ਤੈਅ ਹੋ ਗਈ ਸੀ। ਪਰ ਰਜਿਸਟਰੀ ਦੀ ਮਿਤੀ ਤੱਕ ਉਸ ਜ਼ਮੀਨ ਨੂੰ ਬੈਂਕ ਤੋਂ ਰਿਲੀਵ ਨਹੀਂ ਕਰਵਾਇਆ। ਉਸ ਨਾਲ ਸਾਜਿਸ਼ ਤਹਿਤ ਇਨ੍ਹਾਂ ਨੇ ਤਿੰਨ ਲੱਖ ਰੁਪਏ ਹੋਰ ਲੈ ਲਏ ਅਤੇ ਉਸਦੇ ਬਾਵਜੂਦ ਵੀ ਨਾ ਤਾਂ ਬੈਂਕ ਤੋਂ ਜ਼ਮੀਨ ਛੁਡਵਾਈ ਅਤੇ ਨਾ ਹੀ ਰਜਿਸਟਰੀ ਕਰਵਾਈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮਝੌਤੇ ਅਨੁਸਾਰ ਰਜਿਸਟਰੀ ਕਰਵਾਉਣ ਤੋਂ ਬਚਣ ਲਈ ਮੁਸਤਰਕਾ ਖਾਤਾ ਹੋਣ ਕਾਰਨ ਆਪਣੇ ਭਤੀਜੇ ਨੂੰ ਮੁਸਤਰਕੇ ਖਾਤੇ ਵਿਚ ਉਕਤ ਜਮੀਨ ਤੇ ਸਟੇਅ ਲੈਣ ਲਈ ਉਕਸਾਇਆ। ਇਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਹਰਜਿੰਦਰ ਸਿੰਘ, ਗੁਰਪ੍ਰੀਤ ਕੌਰ ਅਤੇ ਉਨ੍ਹਾਂ ਦੇ ਲੜਕੇ ਰਮਨਦੀਪ ਸਿੰਘ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ।