ਜਗਰਾਓਂ, 4 ਜੂਨ ( ਬੌਬੀ ਸਹਿਜਲ, ਧਰਮਿੰਦਰ )-ਪੁਲਿਸ ਜ਼ਿਲ੍ਹਾ ਲੁਧਿਆਣਾ ਅਧੀਨ ਵੱਖ-ਵੱਖ ਪੁਲਿਸ ਪਾਰਟੀਆਂ ਵਲੋਂ 5 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 55 ਗ੍ਰਾਮ ਹੈਰੋਇਨ, 260 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਸੀਆਈਏ ਸਟਾਫ਼ ਦੇ ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਏਐਸਆਈ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਲਈ ਚੁੰਗੀ ਨੰਬਰ 5 ਜਗਰਾਉਂ ਵਿਖੇ ਮੌਜੂਦ ਸੀ। ਉਥੇ ਇਤਲਾਹ ਮਿਲੀ ਕਿ ਜਸਮੇਲ ਸਿੰਘ ਉਰਫ ਜੱਸਾ ਵਾਸੀ ਪਿੰਡ ਅੱਬੂਪੁਰਾ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਉਹ ਰਾਏਕੋਟ ਵਾਲੇ ਪਾਸੇ ਤੋਂ ਆਪਣੇ ਮੋਟਰਸਾਈਕਲ ’ਤੇ ਜਗਰਾਓਂ ਨੂੰ ਹੈਰੋਇਨ ਸਪਲਾਈ ਕਰਨ ਲਈ ਆ ਰਿਹਾ ਹੈ। ਇਸ ਸੂਚਨਾ ’ਤੇ ਰਾਏਕੋਟ ਰੋਡ ’ਤੇ ਸਾਇੰਸ ਕਾਲਜ ਨੇੜੇ ਨਾਕਾਬੰਦੀ ਕਰਕੇ ਜਸਮੇਲ ਸਿੰਘ ਉਰਫ ਜੱਸਾ ਨੂੰ ਮੋਟਰਸਾਈਕਲ ’ਤੇ ਸਵਾਰ ਵਿਅਕਤੀ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਥਾਣਾ ਦਾਖਾ ਤੋਂ ਇੰਸਪੈਕਟਰ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਏਐਸਆਈ ਪਰਮਜੀਤ ਸਿੰਘ ਸਮੇਤ ਪੁਲੀਸ ਪਾਰਟੀ ਚੈਕਿੰਗ ਲਈ ਮੌਜੂਦ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਲਖਵਿੰਦਰ ਸਿੰਘ ਵਾਸੀ ਝੁੱਗੀਆਂ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਉਹ ਹੈਰੋਇਨ ਲੈ ਕੇ ਮੁੱਲਾਪੁਰ ਵਾਲੇ ਪਾਸੇ ਆ ਰਿਹਾ ਹੈ। ਇਸ ਸੂਚਨਾ ’ਤੇ ਪੁਲ ਨਹਿਰ ਚੰਗਨਾ ’ਤੇ ਨਾਕਾਬੰਦੀ ਕਰਦਿਆਂ ਲਖਵਿੰਦਰ ਸਿੰਘ ਨੂੰ 25 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਥਾਣਾ ਸਿੱਧਵਾਂਬੇਟ ਤੋਂ ਏ.ਐਸ.ਆਈ ਜਸਵੰਤ ਸਿੰਘ ਨੇ ਦੱਸਿਆ ਕਿ ਸਪੈਸ਼ਲ ਸਰਚ ਆਪ੍ਰੇਸ਼ਨ ਦੌਰਾਨ ਉਹ ਪੁਲਿਸ ਪਾਰਟੀ ਸਮੇਤ ਪਿੰਡ ਕੁਲਗਹਣਾ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਦਰਸ਼ਨ ਸਿੰਘ ਵਾਸੀ ਕੁਲਗਹਣਾ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਜਿਸ ਨੇ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ ਆਪਣੇ ਪਸ਼ੂ ਵਾਲੇ ਬਾੜੇ ਚ ਛੁਪਾ ਕੇ ਰੱਖੀ ਹੋਈ ਹੈ। ਸੂਚਨਾ ’ਤੇ ਕੁਲਵਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਉਹ ਪਸ਼ੂਆਂ ਵਾਲੇ ਬਾੜੇ ਵਿਚ ਪਸ਼ੂਆਂ ਦੀ ਖੁਰਲੀ ਵਿਚ ਹੱਥ ਮਾਰ ਰਿਹਾ ਸੀ। ਜਦੋਂ ਇਸ ਨੂੰ ਕਾਬੂ ਕਰਕੇ ਜਾਂਚ ਕੀਤੀ ਗਈ ਤਾਂ ਕਮਰੇ ਵਿੱਚ ਟੋਆ ਪੁੱਟ ਕੇ ਜ਼ਮੀਨ ਵਿੱਚ ਦੱਬੀ ਪਲਾਸਟਿਕ ਦੀ ਟਿਊਬ ਬਰਾਮਦ ਹੋਈ। ਜਿਸ ਵਿੱਚ 130 ਬੋਤਲਾਂ ਸ਼ਰਾਬ ਬਰਾਮਦ ਹੋਈ। ਹੌਲਦਾਰ ਸ਼ਮਿੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਪਿੰਡ ਖੁਰਸ਼ੈਦਪੁਰ ਤੋਂ ਸਤਲੁਜ ਦਰਿਆ ਦੇ ਕੰਢੇ ਪਿੰਡ ਹੁਜਰਾ ਵੱਲ ਜਾ ਰਹੇ ਸਨ। ਉੱਥੇ ਇੱਕ ਵਿਅਕਤੀ ਨਦੀ ਦੇ ਬੰਨ੍ਹ ਦੇ ਕੰਢੇ ਇੱਕ ਭਾਰੀ ਪਲਾਸਟਿਕ ਦੀ ਕੈਨੀ ਲੈ ਕੇ ਬੈਠਾ ਹੋਇਆ ਸੀ। ਜੋ ਪੁਲਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ। ਉਸਨੂੰ ਸ਼ੱਕ ੇਦ ਆਧਾਰ ਤੇ ਕਾਬੂ ਕਰਕੇ ਪਲਾਸਟਿਕ ਦੇ ਕੈਨ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 70 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਵਿਅਕਤੀ ਦੀ ਪਛਾਣ ਕੁਲਵੰਤ ਸਿੰਘ ਵਾਸੀ ਪਿੰਡ ਖੁਰਸ਼ੀਦਪੁਰਾ ਵਜੋਂ ਹੋਈ ਹੈ। ਇਸੇ ਤਰ੍ਹਾਂ ਏ.ਐਸ.ਆਈ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹ ਚੈਕਿੰਗ ਲਈ ਪੱਕੀ ਸੜਕ ਰਾਹੀਂ ਗਿੱਦੜਵਿੰਡੀ ਤੋਂ ਸਿੱਧਵਾਂਬੇਟ ਨੂੰ ਜਾ ਰਹੇ ਸਨ। ਰਸਤੇ ਵਿੱਚ ਇੱਕ ਵਿਅਕਤੀ ਪਲਾਸਟਿਕ ਦੀ ਕੇਨੀ ਲੈ ਕੇ ਆ ਰਿਹਾ ਸੀ। ਜੋ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਜਾਣ ਲੱਗਾ ਤਾਂ ਉਸ ਨੂੰ ਰੋਕ ਕੇ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਕੀਤੀ ਗਈ। ਜਿਸ ਨੇ ਆਪਣਾ ਨਾਮ ਨਾਨਕ ਸਿੰਘ ਵਾਸੀ ਪਿੰਡ ਖੁਰਸ਼ੈਦਪੁਰ ਦੱਸਿਆ। ਜਦੋਂ ਉਸ ਕੋਲੋਂ ਫੜੇ ਗਏ ਪਲਾਸਟਿਕ ਦੇ ਕੈਨ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 60 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ।