ਮੋਗਾ ,04 ਜੂਨ (ਮੋਹਿਤ ਜੈਨ) : ਮਹਿਲਾ ਪਹਿਲਵਾਨਾਂ ‘ਤੇ ਦਿੱਲੀ ‘ਚ ਹੋਏ ਸਰਕਾਰੀ ਜਬਰ ਦੇ ਰੋਸ ਵਿਚ 5 ਜੂਨ ਨੂੰ ਜਥੇਬੰਦੀਆਂ ਵੱਲੋਂ ਸਾਂਝੇ ਅਰਥੀ ਫੂਕ ਮੁਜ਼ਾਹਰੇ ਜ਼ਿਲ੍ਹਾ ਐੱਸਡੀਐੱਮ ਦਫ਼ਤਰ ਅੱਗੇ ਕੀਤੇ ਜਾਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਗੁਰਭਿੰਦਰ ਸਿੰਘ ਅਤੇ ਲਖਵੀਰ ਸਿੰਘ ਦੌਧਰ ਨੇ ਕਿਹਾ ਕਿ ਇਸ ਸਬੰਧੀ ਵੱਖ-ਵੱਖ ਪਿੰਡਾਂ ਅੰਦਰ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਵਿਚ ਆਉਣ ਵਾਲੇ ਦਿਨਾਂ ਵਿਚ ਕੀਤੇ ਜਾਣ ਵਾਲੇ ਐਕਸ਼ਨ ਉਲੀਕੇ ਜਾ ਰਹੇ ਹਨ। ਕੋਕਰੀ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਦੀਆਂ ਸਮੱਸਿਆਵਾਂ ਦੇ ਅਗਾਊਂ ਹੱਲ ਲਈ 8 ਜੂਨ ਨੂੰ ਜ਼ਿਲ੍ਹੇ ਦੇ ਸਾਰੇ ਐੱਸਡੀਓ ਦਫ਼ਤਰਾਂ ਅੱਗੇ ਸੰਕੇਤਕ ਧਰਨੇ ਦਿੱਤੇ ਜਾਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਗਾਂ ਕਿਸਾਨਾਂ ਦੀਆਂ ਜਾਨਾਂ ਦਾ ਖੌਅ ਬਣਦੀਆਂ ਪੁਰਾਣੀਆਂ ਅਤੇ ਲਮਕ ਰਹੀਆਂ ਤਾਰਾਂ ਤੁਰੰਤ ਬਦਲੀਆਂ ਜਾਣ, ਬਿਜਲੀ ਸਪਲਾਈ ਪੂਰੀ ਅਤੇ ਸਮੇਂ ਸਿਰ ਕੀਤੀ ਜਾਵੇ, ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ‘ਤੇ ਤੁਰੰਤ ਹੱਲ ਕੀਤਾ ਜਾਵੇ, ਸਬਜ਼ੀ ਹੇਠ ਆਉਂਦੇ ਰਕਬੇ ਨੂੰ ਦਿਨ ਸਮੇਂ ਬਿਜਲੀ ਸਪਲਾਈ ਦੇਣ ਦੀ ਮੰਗ ਲਿਖਤੀ ਮੰਗ ਪੱਤਰ ਰਾਹੀਂ ਕੀਤੀ ਜਾਵੇਗੀ। ਦੌਧਰ ਨੇ ਕਿਹਾ ਕਿ ਮਹਿਲਾ ਪਹਿਲਵਾਨਾਂ ‘ਤੇ ਦਿੱਲੀ ਵਿਚ ਹੋਏ ਸਰਕਾਰੀ ਜਬਰ ਦੇ ਰੋਸ ਵਿਚ ਜੋ 5 ਜੂਨ ਨੂੰ ਜਥੇਬੰਦੀਆਂ ਵੱਲੋਂ ਸਾਂਝੇ ਅਰਥੀ ਫੂਕ ਮੁਜ਼ਾਹਰੇ ਅਤੇ ਜ਼ਿਲ੍ਹਾ ਐੱਸਡੀਐੱਮ ਦਫ਼ਤਰ ਅੱਗੇ ਕੀਤੇ ਜਾ ਰਹੇ ਹਨ। ਉਸ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ।