Home ਸਭਿਆਚਾਰ ਡਾ ਰਤਨ ਸਿੰਘ ਜੱਗੀ ਨੂੰ ਪਦਮ ਸ਼੍ਰੀ ਸਨਮਾਨ ਮੁਬਾਰਕ ਪਰ ਉਹ ਇਸ...

ਡਾ ਰਤਨ ਸਿੰਘ ਜੱਗੀ ਨੂੰ ਪਦਮ ਸ਼੍ਰੀ ਸਨਮਾਨ ਮੁਬਾਰਕ ਪਰ ਉਹ ਇਸ ਤੋਂ ਵੱਡੇ ਸਨਮਾਨ ਦੇ ਅਧਿਕਾਰੀ- ਗੁਰਭਜਨ ਗਿੱਲ

48
0

ਲੁਧਿਆਣਾ 27ਜਨਵਰੀ ( ਵਿਕਾਸ ਮਠਾੜੂ)-ਪੰਜਾਬੀ ਲੇਖਕਾਂ /ਵਿਦਵਾਨਾਂ ਚੋਂ ਸਤਿਕਾਰਤ ਨਾਮ  ਡਾ. ਰਤਨ ਸਿੰਘ ਜੱਗੀ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਦਮ ਸ੍ਰੀ ਪੁਰਸਕਾਰ ਦਿੱਤੇ ਜਾਣ ਦਾ ਸੁਆਗਤ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਇਹ ਪੰਜਾਬੀ ਲਿਆਕਤ ਦਾ ਸਨਮਾਨ ਹੈ ਪਰ ਉਮਰ ਲੰਮੀ ਮੁੱਲਵਾਨ ਘਾਲਣਾ ਸਦਕਾ ਉਹ ਇਸ ਤੋਂ ਵੱਡੇ ਆਦਰ ਦੇ ਹੱਕਦਾਰ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅਧਿਆਪਨ ਕਰਦਿਆਂ, ਸੇਵਾ ਮੁਕਤੀ ਉਪਰੰਤ ਵੱਡ ਆਕਾਰੀ ਖੋਜ ਕਾਰਜਾਂ ਕਾਰਨ ਉਹ ਪੰਜਾਬੀ ਮਾਂ ਬੋਲੀ ਦੇ ਵਿਸ਼ਵਕੋਸ਼ੀ ਸਪੂਤ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ ਸ ਪ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ ਰਵਿੰਦਰ ਸਿੰਘ ਭੱਠਲ, ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਸੁਖਜੀਤ ਮਾਛੀਵਾੜਾ, ਰੀਤਿੰਦਰ ਸਿੰਘ ਭਿੰਡਰ, ਤੇਜਪ੍ਰਤਾਪ ਸਿੰਘ ਸੰਧੂ, ਡਾ ਨਿਰਮਲ ਜੋੜਾ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜ ਪ੍ਰੀਤ ਸਿੰਘ ਮਾਂਗਟ, ਗੁਰਚਰਨ ਕੌਰ ਕੋਚਰ, ਡਾਃ ਨਰੇਸ਼ ਕੇਂਦਰੀ ਯੂਨੀ ਧਰਮਸ਼ਾਲਾ, ਨਿੰਦਰ ਘੁਗਿਆਣਵੀ ਨੇ ਵੀ ਡਾਂ ਰਤਨ ਸਿੰਘ ਜੱਗੀ ਜੀ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਣ ਤੇ ਮੁਬਾਰਕ ਦਿੱਤੀ ਹੈ। ਡਾ. ਰਤਨ ਸਿੰਘ ਜੱਗੀ, ਪੰਜਾਬੀ ਤੇ ਹਿੰਦੀ ਸਾਹਿਤ ਜਗਤ ਦੇ ਅਤੇ ਵਿਸ਼ੇਸ਼ ਤੌਰ ਤੇ ਗੁਰਮਤਿ ਸਾਹਿਤ ਦੇ ਬਹੁਤ ਹੀ ਵੱਡੇ  ਵਿਦਵਾਨ ਹਨ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦਾ 70 ਸਾਲ ਤੋਂ ਵੱਧ ਦਾ ਸਮਾਂ ਪੰਜਾਬੀ/ਹਿੰਦੀ ਸਾਹਿਤ ਅਤੇ ਗੁਰਮਤਿ ਸਾਹਿਤ ਦੀ ਸੇਵਾ ਵਿੱਚ ਸਮਰਪਿਤ ਕੀਤਾ ਹੈ। ਡਾ ਜੱਗੀ ਨੇ 1962 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ “ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ” ਵਿਸ਼ੇ ਵਿੱਚ ਪੀਐਚ. ਡੀ. ਕੀਤੀ ਅਤੇ ਬਾਅਦ ਵਿੱਚ “ਦਸਮ ਗ੍ਰੰਥ ਕੀ ਪੌਰਾਣਿਕ ਪ੍ਰਿਸ਼ਟ ਭੂਮੀ” ਪੰਜਾਬੀ ਪਾਠਕਾਂ ਨੂੰ ਭੇਂਟ ਕੀਤੀ। ਭਾਸ਼ਾ ਵਿਭਾਗ ਪੰਜਾਬ ਵੱਲੋਂ ਇਸ ਕਿਤਾਬ ਨੂੰ ਪਹਿਲਾ ਪੁਰਸਕਾਰ ਮਿਲਿਆ। ਡਾ. ਜੱਗੀ ਵੱਲੋਂ 2000 ਵਿੱਚ “ਦਸਮ ਗ੍ਰੰਥ ਦਾ ਟੀਕਾ” ਤਿਆਰ ਕੀਤਾ ਗਿਆ, ਜਿਸ ਦਾ ਗੋਬਿੰਦ ਸਦਨ, ਦਿੱਲੀ ਵੱਲੋਂ ਪੰਜ ਭਾਗਾਂ ਵਿੱਚ ਪ੍ਰਕਾਸ਼ਨ ਹੋਇਆ।
1973 ਵਿੱਚ ਡਾ. ਰਤਨ ਸਿੰਘ ਜੱਗੀ ਵੱਲੋਂ ਮਗਧ ਯੂਨੀਵਰਸਿਟੀ ਬੋਧ ਗਯਾ  ਤੋਂ ਡੀ. ਲਿਟ. ਦੀ ਡਿਗਰੀ ਕੀਤੀ ਜਿਸ ਵਿੱਚ ਉਨ੍ਹਾਂ ਦਾ ਹਿੰਦੀ ਵਿੱਚ ਵਿਸ਼ਾ “ਸ਼੍ਰੀ ਗੁਰੂ ਨਾਨਕ: ਵਿਅਕਤਿਤਵ, ਕ੍ਰਿਤਿਤਵ ਔਰ ਚਿੰਤਨ” ਸੀ । ਇਸ ਪੁਸਤਕ ਨੂੰ ਵੀ ਭਾਸ਼ਾ ਵਿਭਾਗ ਵੱਲੋਂ ਪਹਿਲਾ ਪੁਰਸਕਾਰ ਦਿੱਤਾ ਗਿਆ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਪੰਜਾਬ ਸਰਕਾਰ ਵੱਲੋਂ “ਗੁਰੂ ਨਾਨਕ ਬਾਣੀ: ਪਾਠ ਤੇ ਵਿਆਖਿਆ”  ਨਾਂ ਦੀ ਪੁਸਤਕ ਡਾ. ਜੱਗੀ ਤੋਂ ਪੰਜਾਬੀ ਅਤੇ ਹਿੰਦੀ ਵਿਚ ਤਿਆਰ ਕਰਵਾ ਕੇ ਵੱਡੀ ਗਿਣਤੀ ਚ ਵੰਡੀ ਗਈ । ਇਸ ਤੋਂ ਇਲਾਵਾ ਡਾ. ਜੱਗੀ ਵਲੋਂ ਗੁਰੂ ਨਾਨਕ ਬਾਣੀ ਨੂੰ ਲੈ ਕੇ ਇੱਕ ਕਿਤਾਬ “ਗੁਰੂ ਨਾਨਕ: ਜੀਵਨੀ ਅਤੇ ਵਿਅਕਤਿਤਵ” ਅਤੇ ਦੂਸਰੀ ਕਿਤਾਬ “ਗੁਰੂ ਨਾਨਕ ਦੀ ਵਿਚਾਰਧਾਰਾ” ਵੀ ਛਾਪੀਆਂ ਗਈਆਂ ਅਤੇ ਇਨ੍ਹਾਂ ਦੋਵਾਂ ਕਿਤਾਬਾਂ ਉੱਪਰ ਵੀ ਭਾਸ਼ਾ ਵਿਭਾਗ, ਪੰਜਾਬ ਵਲੋਂ ਪਹਿਲਾ ਪੁਰਸਕਾਰ ਦਿੱਤਾ ਗਿਆ । ਡਾ. ਰਤਨ ਸਿੰਘ ਜੱਗੀ ਨੇ ਤੁਲਸੀ ਰਮਾਇਣ  ਦਾ ਪੰਜਾਬੀ ਵਿੱਚ ਲਿਪੀ ਅੰਤਰ ਅਤੇ ਅਨੁਵਾਦ ਕੀਤਾ, ਜਿਸ ਨੂੰ ਕਿ ਪੰਜਾਬੀ ਯੂਨੀਵਰਸਿਟੀ  ਪਟਿਆਲਾ ਵਲੋਂ ਛਾਪਿਆ ਗਿਆ ਅਤੇ ਇਸ ਉੱਪਰ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ 1989 ਵਿੱਚ ਰਾਸ਼ਟਰੀ ਪੱਧਰ ਦਾ ਪੁਰਸਕਾਰ ਵੀ ਦਿੱਤਾ ਗਿਆ ਸੀ। ਇਸ ਤੋਂ ਇਲਾਵਾ “ਪੰਜਾਬੀ ਸਾਹਿਤ ਸੰਦਰਭ ਕੋਸ਼” ਨੂੰ 1994 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਛਾਪਿਆ। ਡਾ. ਜੱਗੀ ਨੇ 1998 ਤੋਂ 2002 ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਪੰਜ ਭਾਗਾਂ ਵਿੱਚ “ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ” ਤਿਆਰ ਕਰਵਾਇਆ। 
2002 ਵਿੱਚ ਡਾ. ਰਤਨ ਸਿੰਘ ਜੱਗੀ ਵਲੋਂ “ਗੁਰੂ ਗ੍ਰੰਥ ਸਾਹਿਬ ਵਿਸ਼ਵ ਕੋਸ਼” ਤਿਆਰ ਕੀਤਾ ਗਿਆ, ਜਿਸ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਛਾਪਿਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਹਰ ਪੁੱਛ ਦਾ ਸੰਖੇਪ ਪਰ ਸਹੀ ਉੱਤਰ ਮਿਲਦਾ ਹੈ।
2005 ਵਿੱਚ ਡਾ. ਜੱਗੀ ਵਲੋਂ “ਸਿੱਖ ਪੰਥ ਵਿਸ਼ਵਕੋਸ਼” ਤਿਆਰ ਕੀਤਾ ਗਿਆ। 2007 ਵਿੱਚ ” ਅਰਥ ਬੋਧ ਸ਼੍ਰੀ ਗੁਰੂ ਗ੍ਰੰਥ ਸਾਹਿਬ ” ਨਾਮ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਤਿਆਰ ਕਰਕੇ ਪੰਜ ਭਾਗਾਂ ਵਿੱਚ ਤਿਆਰ ਕੀਤਾ। 2013 ਵਿੱਚ ਡਾ. ਜੱਗੀ ਵੱਲੋਂ  “ਭਾਵ ਪ੍ਰਬੋਧਨੀ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ” ਨਾਮ ਦਾ ਇੱਕ ਵਿਸਥਾਰ ਪੂਰਵਕ ਟੀਕਾ ਤਿਆਰ ਕੀਤਾ ਗਿਆ, ਜਿਸ ਨੂੰ ਅੱਠ ਭਾਗਾਂ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਛਾਪਿਆ। ਸੰਨ 2017 ਵਿਚ ਉਨ੍ਹਾਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ਵਿਚ ਟੀਕਾ ਕਰਕੇ ਪੰਜ ਜਿਲਦਾਂ ਵਿਚ ਪ੍ਰਕਾਸ਼ਿਤ ਕਰ ਦਿੱਤਾ ਹੈ।
ਡਾਃ ਜੱਗੀ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਸਰਵਉੱਚ ਪੁਰਸਕਾਰ “ਪੰਜਾਬੀ ਸਾਹਿਤ ਸ੍ਰੋਮਣੀ (ਰਤਨ)” 1996 ਵਿੱਚ ਦਿੱਤਾ ਗਿਆ। ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਵੱਲੋਂ 2010 ਵਿੱਚ “ਪਰਮ ਸਾਹਿਤ ਸਨਮਾਨ” ਉੱਤਰ ਪ੍ਰਦੇਸ਼ ਸਰਕਾਰ ਦੇ ਹਿੰਦੀ ਸੰਸਥਾਨ ਵਲੋਂ 1996 ਵਿੱਚ “ਸੋਹਾਰਦ ਪੁਰਸਕਾਰ” ਵੀ ਆਪ ਨੂੰ ਮਿਲ ਚੁਕਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਨੂੰ ਦੇਖਦੇ ਹੋਏ 2014 ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ 2015 ਵਿੱਚ ਆਨਰੇਰੀ ਡੀ. ਲਿਟ. ਦੀ ਡਿਗਰੀ ਦਿੱਤੀ ਗਈ । ਨਾਮਧਾਰੀ ਦਰਬਾਰ ਵੀ ਡਾਃ ਰਤਨ ਸਿੰਘ ਜੱਗੀ ਦੀਆਂ ਖੋਜ ਪ੍ਰਾਪਤੀਆਂ ਲਈ ਸਨਮਾਨਿਤ ਕਰ ਚੁਕਾ ਹੈ।
ਡਾ. ਰਤਨ ਸਿੰਘ ਜੱਗੀ 95 ਸਾਲ ਦੀ ਉਮਰ ਦੇ ਹੋ ਜਾਣ ਦੇ ਬਾਵਜੂਦ ਹਾਲੇ ਵੀ ਸਮਾਜ ਨੂੰ ਆਪਣੀਆਂ ਸਰਵਸ੍ਰੇਸ਼ਠ ਅਤੇ ਵੱਡਮੁੱਲੀਆਂ ਸਾਹਿਤਕ ਸੇਵਾਵਾਂ ਪ੍ਰਦਾਨ ਕਰਦਿਆਂ ਹੁਣ ਤੱਕ 144 ਕਿਤਾਬਾਂ ਪੰਜਾਬੀ ਪਾਠਕਾਂ ਨੂੰ ਭੇਂਟ ਕਰ ਚੁਕੇ ਹਨ। ਡਾਃ ਜੱਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵੀ ਉਹ ਆਜੀਵਨ ਫੈਲੋ ਹਨ।

LEAVE A REPLY

Please enter your comment!
Please enter your name here