– ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਮਨਾਏ ਜਾ ਰਹੇ ਪੰਜਾਬੀ ਮਾਂਹ ਤਹਿਤ ਕਰਵਾਇਆ ਗਿਆ ਸਮਾਗਮ
ਫ਼ਤਹਿਗੜ੍ਹ ਸਾਹਿਬ, 26 ਨਵੰਬਰ: ( ਵਿਕਾਸ ਮਠਾੜੂ, ਮਿਅੰਕ ਜੈਨ)-ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਮਨਾਏ ਜਾ ਰਹੇ ਪੰਜਾਬੀ ਮਾਂਹ ਤਹਿਤ ਭਾਸ਼ਾ ਵਿਭਾਗ ਵੱਲੋਂ ਦੇਸ਼ ਭਗਤ ਯੂਨੀਵਰਸਿਟੀ ਵਿਖੇ ਪ੍ਰੰਪਰਾਗਤ ਲੋਕ ਗਾਇਕੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਨਵੀਂ ਤੇ ਪੁਰਾਣੀ ਪੀੜ੍ਹੀ ਦੇ ਗਾਇਕਾਂ ਨੇ ਆਪਣੀ ਗਾਇਕੀ ਦੇ ਜ਼ੋਹਰ ਵਿਖਾਏ। ਇਸ ਮੌਕੇ ਭਾਸ਼ਾ ਵਿਭਾਗ ਦੀ ਸਹਾਇਕ ਡਾਇਰੈਕਟਰ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਕਿਹਾ ਕਿ ਮਾਂ ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਭਾਸ਼ਾ ਵਿਭਾਗ ਵੱਲੋਂ ਪੂਰੀ ਸੰਜੀਦਗੀ ਨਾਲ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਕੜੀ ਅਧੀਨ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਤਾਂ ਜ਼ੋ ਸਾਡੇ ਬੱਚੇ ਆਪਣੀ ਮਾਂ ਬੋਲੀ ਨਾਲ ਜੁੜ ਸਕਣ। ਇਸ ਮੌਕੇ ਨਾਮਵਰ ਲਿਖਾਰੀ
ਪ੍ਰੋ. ਅੱਛਰੂ ਸਿੰਘ ਨੇ ਪਰੰਪਰਾਗਤ ਲੋਕ ਗਾਇਕੀ ਤੇ ਮੌਜੂਦਾ ਗਾਇਕੀ ਦੇ ਤੁਲਨਾਤਮਕ ਅਧਿਐਨ ਸਬੰਧੀ ਭਾਵਪੂਰਤ ਪਰਚਾ ਪੜ੍ਹਿਆ।ਇਸ ਮੌਕੇ ਉਨ੍ਹਾਂ ਦੀ ਪੁਸਤਕ ਖੁਸ਼ੀ ਦੀ ਖੋਜ ਵੀ ਲੋਕ ਅਰਪਣ ਕੀਤੀ ਗਈ। ਪ੍ਰੋ: ਅੱਛਰੂ ਸਿੰਘ ਨੇ ਇਸ ਮੌਕੇ ਕਿਹਾ ਕਿ ਪੰਜਾਬੀ ਗਾਇਕੀ ਦੀ ਵਿਰਾਸਤ ਬਹੁਤ ਅਮੀਰ ਹੈ ਜਿਸ ਨੂੰ ਸੰਭਾਲਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਪੰਜਾਬੀ ਦੇ ਨਾਮਵਰ ਸ਼ਾਇਰਾਂ ਦੇ ਪ੍ਰਸੰਗਾਂ ਬਾਰੇ ਵੀ ਜਾਣਕਾਰੀ ਦਿੱਤੀ।ਦੇਸ਼ ਭਗਤ ਯੂਨੀਵਰਸਿਟੀ ਦੇ ਅਡਵਾਈਜ਼ਰ ਟੂ ਚਾਂਸਲਰ ਡਾ: ਵਰਿੰਦਰ ਸਿੰਘ ਨੇ ਇਸ ਸਮਾਗਮ ਦਾ ਸ਼ਮਾਂ ਰੌਸ਼ਨ ਕਰਕੇ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਆਪਣੀ ਮਾਂ ਬੋਲੀ ਤੋਂ ਬਿਨਾਂ ਮਨੁੱਖੀ ਵਿਕਾਸ ਸੰਭਵ ਨਹੀਂ ਹੈ ਅਤੇ ਸਾਡੇ ਬੱਚੇ ਜਿਸ ਤਰ੍ਹਾਂ ਹੋਰਨਾਂ ਭਾਸ਼ਾਵਾਂ ਨਾਲ ਜੁੜ ਰਹੇ ਹਨ ਉਹ ਮਾਂ ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਲੋਕਾਂ ਨੇ ਹਰੇਕ ਖੇਤਰ ਵਿੱਚ ਬੇਮਿਸਾਲ ਯੋਗਦਾਨ ਪਾਇਆ ਹੈ ਇਹੋ ਕਾਰਨ ਹੈ ਕਿ ਦੁਨੀਆਂ ਦੇ ਕੋਨੋ ਕੋਨੇ ਵਿੱਚ ਪੰਜਾਬੀ ਆਪਣੀ ਫਰਾਕ ਦਿਲੀ ਕਾਰਨ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਲਈ ਵੱਧ ਤੋਂ ਵੱਧ ਉਪਰਾਲੇ ਕਰੀਏ। ਉਨ੍ਹਾਂ ਮਾਂ ਬੋਲੀ ਦੇ ਪ੍ਰਸਾਰ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਇੱਕ ਵਿਸ਼ੇਸ਼ ਪੁਸਤਕ ਤਿਆਰ ਕੀਤੀ ਗਈ ਹੈ ਜਿਸ ਨਾਲ ਪੰਜਾਬੀ ਬੋਲੀ ਦਾ ਪ੍ਰਸਾਰ ਹੋ ਰਿਹਾ ਹੈ।ਇਸ ਸਮਾਗਮ ਦੌਰਾਨ ਸ਼੍ਰੋਮਣੀ ਪੱਤਰਕਾਰ ਭੂਸ਼ਣ ਸੂਦ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਪਣੀਆਂ ਪ੍ਰੰਪਰਾਵਾਂ ਨਾਲ ਜੋੜਨ ਲਈ ਅਜਿਹੇ ਸਮਾਗਮ ਬਹੁਤ ਜਰੂਰੀ ਹਨ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਕੀਤਾ ਗਿਆ ਉਪਰਾਲਾ ਨਵੀਂ ਪੀੜ੍ਹੀ ਨੂੰ ਸਾਫ ਸੁਥਰੀ ਗਾਇਕੀ ਨਾਲ ਜੋੜਨ ਦਾ ਸੁਨੇਹਾ ਦੇਣ ਵਿੱਚ ਸਫਲ ਰਿਹਾ ਹੈ। ਸਮਾਗਮ ਦੌਰਾਨ ਖੋਜ ਅਫਸਰ ਜਗਜੀਤ ਸਿੰਘ ਨੇ ਵਿਭਾਗ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਜਦੋਂ ਕਿ ਖੋਜ ਅਫਸਰ ਡਾ: ਸੁਖਦਰਸ਼ਨ ਸਿੰਘ ਚਹਿਲ ਨੇ ਵੀ ਪੰਜਾਬੀ ਮਾਂ ਬੋਲੀ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ।ਇਸ ਸਮਾਗਮ ਵਿੱਚ ਕ੍ਰਿਸ਼ਨ ਸਿੰਘ ਨਿਰਵਾਣਾ ਦੇ ਕਵੀਸ਼ਰੀ ਜਥੇ, ਫੀਲਖਾਨਾ ਸਕੂਲ ਪਟਿਆਲਾ ਤੋਂ ਪ੍ਰਗਟ ਸਿੰਘ, ਸਾਹਿਬਦੀਪ ਸਿੰਘ ਤੇ ਸਾਥੀ, ਹਰਲੀਨ ਕੌਰ ਸ਼ਾਨੀਪੁਰ, ਪ੍ਰਿਯੰਕਾ ਬੱਸੀ ਪਠਾਣਾਂ, ਰਾਮ ਸਿੰਘ ਅਲਬੇਲਾ, ਮਾਤਾ ਗੁਜ਼ਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ, ਮਿੰਦਰ ਮਿੰਦੀ ਤੇ ਭੁਪਿੰਦਰ ਭੂਰੀ ਨੇ ਸ਼ਹੀਦਾਂ ਦੀਆਂ ਗਾਥਾਵਾਂ, ਵਾਰਾਂ ਤੇ ਸੱਭਿਅਕ ਗੀਤਾਂ ਦੀ ਵੰਨਗੀਆਂ ਨਾਲ ਰੰਗ ਬੰਨਿਆ। ਵਿਭਾਗ ਵੱਲੋਂ ਸਾਰੇ ਮਹਿਮਾਨਾਂ ਤੇ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਜਿਲ਼੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ, ਨਾਮਵਰ ਲਿਖਾਰੀ ਸਨੇਇੰਦਰ ਮੀਲੂ, ਪਰਮਜੀਤ
ਕੌਰ ਸਰਹਿੰਦ, ਊਧਮ ਸਿੰਘ ਚਹਿਲ, ਸੰਤ ਸਿੰਘ ਸੋਹਲ, ਰਣਜੀਤ ਸਿੰਘ ਰਾਗੀ, ਗੁਰਮੀਤ ਸਿੰਘ,ਬਾਵਾ, ਅਵਤਾਰ ਸਿੰਘ ਚਾਨੇ, ਉਪਕਾਰ ਸਿੰਘ ਦਿਆਲਪੁਰੀ, ਬਲਤੇਜ ਸਿੰਘ ਬਠਿੰਡਾ, ਗੁਰਬਚਨ ਸਿੰਘ ਵਿਰਦੀ, ਕਰਨੈਲ ਸਿੰਘ ਵਜ਼ੀਰਾਬਾਦ, ਮੇਹਰ ਸਿੰਘ ਅਰਾਈਵਾਲਾ, ਸੁਰਿੰਦਰ ਕੌਰ ਬਾੜਾ, ਸੰਤੋਸ਼ ਵਰਮਾਂ, ਸਾਧੂ ਸਿੰਘ ਪਨਾਗ, ਕਰਨੈਲ ਸਿੰਘ ਗੋਬਿੰਦਗੜ੍ਹ, ਵਿਭਾਗ ਦੇ ਮੁਲਾਜ਼ਮ ਹਰਪ੍ਰੀਤ ਸਿੰਘ, ਸਤਵਿੰਦਰ ਸਿੰਘ, ਕਰਨੈਲ ਸਿੰਘ, ਸੂਰਜ, ਸੁਖਮਨਪ੍ਰੀਤ ਕੌਰ, ਨਵਦੀਪ ਕੌਰ, ਮਨਦੀਪ ਕੌਰ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ ਹਾਜ਼ਰ ਸਨ।