ਅਮਰਗੜ੍ਹ(ਵਿਕਾਸ-ਅਸਵਨੀ)ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਸਿਹਤ ਨੂੰ ਸਿਹਤਮੰਦ ਰੱਖਣ ਤੇ ਮਿਲਾਵਟਖੋਰਾਂ ‘ਤੇ ਸ਼ਿਕੰਜਾ ਕੱਸਣ ਲਈ ਸਿਹਤ ਵਿਭਾਗ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ ਪਰ ਫੇਰ ਵੀ ਪਤਾ ਨਹੀਂ ਮਹਿਕਮਾ ਇਨਾਂ੍ਹ ਅਵੇਸਲਾ ਕਿਉਂ ਰਹਿੰਦਾ ਹੈ ? ਕੱਲ੍ਹ ਉਸ ਵੇਲੇ ਲੋਕਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਸਹਾਇਕ ਫੂਡ ਕਮਿਸ਼ਨਰ ਮੈਡਮ ਰਾਖੀ ਵਿਨਾਇਕ ਦੀ ਅਗਵਾਈ ਵਾਲੀ ਟੀਮ ਵੱਲੋਂ ਅਮਰਗੜ੍ਹ ਅੰਦਰ ਸਿਰਫ ਦੋ ਦੁਕਾਨਾਂ ਤੋਂ ਹੀ ਨਮੂਨੇ ਭਰ ਕੇ ਰਵਾਨਗੀ ਕਰ ਦਿੱਤੀ ਗਈ। ਭਾਵੇਂ ਕਿ ਕੁਝ ਮਿੰਟਾਂ ਲਈ ਤਾਂ ਕਈ ਦੁਕਾਨਦਾਰਾਂ ਤੇ ਹਲਵਾਈਆਂ ਨੂੰ ਭਾਜੜ ਪਈ ਰਹੀ ਅਤੇ ਉਨਾਂ੍ਹ ਸੈਂਪਿਲੰਗ ਦੇ ਡਰੋਂ ਆਪਣੀਆਂ ਦੁਕਾਨਾਂ ਦੇ ਸ਼ਟਰ ਬੰਦ ਰੱਖੇ,ਪਰ ਜਿਉਂ ਹੀ ਉਨਾਂ੍ਹ ਨੂੰ ਹੀ ਟੀਮ ਦੇ ਜਲਦ ਹੀ ਜਾਣ ਦੀ ਭਿਣਕ ਪਈ ਤਾਂ ਉਨਾਂ੍ਹ ਮੁੜ ਦੁਕਾਨਾਂ ਖੋਲ੍ਹ ਲਈਆਂ।
ਕਿਸਾਨ ਆਗੂ ਭੁਪਿੰਦਰ ਸਿੰਘ ਬਨਭੋਰਾ ਅਤੇ ਪ੍ਰਧਾਨ ਕੁਲਵਿੰਦਰ ਸਿੰਘ ਗੋਗੀ ਨੇ ਕਿਹਾ ਕਿ ਮਿਲਾਵਟਖੋਰਾਂ ਵੱਲੋਂ ਆਪਣੇ ਮੁਨਾਫੇ ਲਈ ਵੱਡੀ ਮਾਤਰਾ ‘ਚ ਨਕਲੀ ਦੁੱਧ ਤਿਆਰ ਕਰਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ,ਪਰ ਮਹਿਕਮੇ ਵੱਲੋਂ ਦੋ ਦੁਕਾਨਾਂ ਤੋਂ ਸੈਂਪਲ ਭਰ ਕੇ ਸਿਰਫ ਖਾਨਾਪੂਰਤੀ ਹੀ ਕੀਤੀ ਗਈ ਹੈ। ਉਨਾਂ੍ਹ ਸਰਕਾਰ ਨੂੰ ਕਿਹਾ ਕਿ ਗੂੜ੍ਹੀ ਨੀਂਦ ‘ਚ ਸੁੱਤੇ ਸਿਹਤ ਵਿਭਾਗ ਨੂੰ ਅਤੇ ਦਫਤਰਾਂ ਅੰਦਰ ਕੁਰਸੀਆਂ ਤੇ ਬੈਠ ਕੇ ਆਰਾਮ ਫਰਮਾ ਰਹੇ ਬਾਬੂਆਂ ਨੂੰ ਮਿਲਾਵਟਖੋਰੀ ਬੰਦ ਕਰਨ ਲਈ ਲਾਮਬੰਦ ਕੀਤਾ ਜਾਵੇ। ਸਾਬਕਾ ਸਰਪੰਚ ਪਰਮਜੀਤ ਸਿੰਘ ਸਲਾਰ ਤੇ ਹਰਮੀਤ ਸਿੰਘ ਬਾਗੜੀਆਂ ਨੇ ਕਿਹਾ ਕਿ ਸਿਹਤ ਵਿਭਾਗ ਦੀ ਇਸ ਤਰ੍ਹਾਂ ਦੀ ਸਿਰਫ ਦੋ ਦੁਕਾਨਾਂ ਤੋਂ ਕੀਤੀ ਸੈਂਪਿਲੰਗ ਦੇਖਕੇ ਤਾਂ ਇੰਝ ਲਗਦਾ ਹੈ ਕਿ ਦਾਲ ਵਿਚ ਕੁਝ ਕਾਲਾ ਜ਼ਰੂਰ ਹੈ। ਡਾਕਟਰ ਗੁਰਪ੍ਰਰੀਤ ਕੌਰ ਢੀਂਡਸਾ ਤੇ ਸਮਾਜ ਸੇਵੀ ਖੇਮ ਸਿੰਘ ਅਲੀਪੁਰ ਨੇ ਪੰਜਾਬ ਸਰਕਾਰ ਨੂੰ ਮਿਲਾਵਟਖੋਰੀ ਖਿਲਾਫ ਮੁਹਿੰਮ ਛੇੜਨ ਦੀ ਅਪੀਲ ਕੀਤੀ ਤਾਂ ਜੋ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਪੰਜਾਬੀਆਂ ਨੂੰ ਬਚਾਇਆ ਜਾ ਸਕੇ
