– ਸਕੂਲੀ ਬੱਸਾਂ ਵਿੱਚ ਲਾਜ਼ਮੀ ਕੀਤੇ ਉਪਕਰਨ ਨਾ ਲਗਵਾਉਣ ਵਾਲੇ ਸਕੂਲ ਪ੍ਰਬੰਧਕਾਂ ਖਿਲਾਫ ਹੋਵੇਗੀ ਸਖਤ ਕਾਰਵਾਈ
ਬਸੀ ਪਠਾਣਾ 25 ਨਵੰਬਰ: ( ਸਤੀਸ਼ ਕੋਹਲੀ, ਜੱਸੀ ਢਿੱਲੋਂ) -ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਲਾਗੂ ਕੀਤੀ ਗਈ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪਾਲਿਸੀ ਤਹਿਤ ਸਕੂਲੀ ਬੱਸਾਂ ਵਿੱਚ ਜਰੂਰੀ ਤੌਰ ਤੇ ਹੋਣ ਵਾਲੇ ਉਪਕਰਣ ਨਾ ਲਗਵਾਉਣ ਵਾਲੇ ਸਕੂਲ ਪ੍ਰਬੰਧਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਪ੍ਰਗਟਾਵਾ ਐਸ.ਡੀ.ਐਮ. ਬਸੀ ਪਠਾਣਾ ਸ਼੍ਰੀ ਅਸ਼ੋਕ ਕੁਮਾਰ ਨੇ ਬਾਲ ਸੁਰੱਖਿਆ ਯੁਨਿਟ ਦੇ ਸਹਿਯੋਗ ਨਾਲ ਸਕੂਲੀ ਬੱਸਾਂ ਦੀ ਚੈਕਿੰਗ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਹਾ ਕਿ ਅੱਜ ਸੜਕ ਸੁਰੱਖਿਆ ਸਭ ਤੋਂ ਅਹਿਮ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਸੜਕ ਦੁਰਘਟਨਾਵਾਂ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜੋ ਕਿ ਬਹੁਤ ਅਫਸੋਸਜਨਕ ਹੈ। ਇਸ ਲਈ ਸਕੂਲ ਪ੍ਰਬੰਧਕਾਂ ਦਾ ਇਹ ਮੁਢਲਾ ਫਰਜ਼ ਬਣਦਾ ਹੈ ਕਿ ਮਾਣਯੋਗ ਕੋਰਟ ਵੱਲੋਂ ਜੋ ਹਦਾਇਤਾਂ ਕੀਤੀਆਂ ਗਈਆਂ ਹਨ ਉਨ੍ਹਾਂ ਦੀ ਇੰਨ ਬਿੰਨ ਪਾਲਣਾ ਕਰਨੀ ਯਕੀਨੀ ਬਣਾਏ ਜਾਵੇ ਤਾਂ ਜੋ ਕਿਸੇ ਕਿਸਮ ਦਾ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ। ਸ.ਡੀ.ਐਮ. ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਬੱਚਿਆਂ ਦੇ ਮਾਪੇ ਉਹਨਾਂ ਨੂੰ ਛੋਟੀ ਉਮਰ ਵਿੱਚ ਵਾਹਨ ਚਲਾਉਣ ਦੀ ਆਗਿਆ ਨਾ ਦੇਣ ਅਤੇ ਬੱਚੇ ਜਿਹੜੀਆਂ ਸਕੂਲੀ ਬੱਸਾਂ ਵਿੱਚ ਸਫਰ ਕਰਦੇ ਹਨ, ਉਹ ਸੇਫ ਸਕੂਲ ਵਾਹਨ ਪਾਲਿਸੀ ਮੁਤਾਬਿਕ ਨਿਯਮਾਂ ਨੂੰ ਪੂਰਾ ਕਰਦੀਆਂ ਹੋਣ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਹਰਭਜਨ ਸਿੰਘ ਮਹਿਮੀ ਨੇ ਇਸ ਮੌਕੇ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜਿਹੜੀਆਂ ਸਕੂਲੀ ਬੱਸਾਂ ਵਿੱਚ ਲੜਕੀਆਂ ਸਫਰ ਕਰਦੀਆਂ ਹੋਣ ਉਨ੍ਹਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ, ਮਹਿਲਾ ਅਟੈਂਡੈਂਟ ਦਾ ਹੋਣਾ ਜਰੂਰੀ ਹੈ। ਇਸ ਤੋਂ ਇਲਾਵਾ ਬੱਸਾਂ ਵਿੱਚ ਫਸਟ ਏਡ ਬਾਕਸ ਅਤੇ ਸਪੀਡ ਗਵਰਨਸ ਲਗਾਉਣੇ ਅਤਿ ਜਰੂਰੀ ਹਨ।ਉਨ੍ਹਾਂ ਸਕੂਲ ਮੁਖੀਆਂ ਨੁੰ ਕਿਹਾ ਕਿ ਉਹ ਖੁਦ ਵੀ ਬੱਸਾਂ ਨੂੰ ਨਿਰੰਤਰ ਚੈੱਕ ਕਰਨ ਤਾਂ ਜੋ ਸਕੂਲੀ ਬੱਸਾਂ ਵਿੱਚ ਪਾਈਆਂ ਜਾਂਦੀਆਂ ਖਾਮੀਆਂ ਨੂੰ ਪੂਰਾ ਕੀਤਾ ਜਾ ਸਕੇ।ਜਿਲ੍ਹਾ ਬਾਲ ਸੁਰੱਖਿਆ ਯੁਨਿਟ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਬਸੀ ਪਠਾਣਾ ਦੇ ਪਾਈਨ ਗਰੋਵ ਪਬਲਿਕ ਸਕੂਲ ਅਤੇ ਗਾਰਡਨ ਵੈਲੀ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਗਾਈਡਲਾਈਨਜ਼ ਅਨੁਸਾਰ ਸਕੂਲੀ ਬੱਸਾਂ ਵਿੱਚ ਕੁਝ ਖਾਮੀਆਂ ਪਾਈਆ ਗਈਆ। ਬੱਸਾਂ ਦੀ ਬੈਕ ਲਾਈਟ ਅਤੇ ਪਾਰਕਿੰਗ ਲਾਈਟ ਖਰਾਬ ਪਾਈਆਂ ਗਈਆਂ। ਇਸ ਸਬੰਧੀ ਸਕੂਲ ਪ੍ਰਿੰਸੀਪਲ ਅਤੇ ਸਕੂਲ ਡਾਇਰੈਕਟਰ ਨੂੰ ਲਿਖਤੀ ਰੂਪ ਵਿੱਚ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਕਿ ਇੱਕ ਹਫਤੇ ਦੇ ਅੰਦਰ-ਅੰਦਰ ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਸਕੂਲਾਂ ਬੱਸਾਂ ਵਿੱਚ ਪਾਈਆਂ ਗਈਆਂ ਖਾਮੀਆਂ ਨੂੰ ਪੂਰਾ ਕਰਕੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਦਫਤਰ ਵਿਖੇ ਰਿਪੋਰਟ ਕੀਤੀ ਜਾਵੇ ।ਇਸ ਮੌਕੇ ਸ਼ਮਸ਼ੇਰ ਸਿੰਘ ਡਿਪਟੀ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ), ਸ੍ਰੀਮਤੀ ਹਰਪ੍ਰੀਤ ਕੌਰ ਸੁਰੱਖਿਆ ਅਫਸਰ (ਆਈ.ਸੀ), ਗੁਰਚਰਨ ਸਿੰਘ ਏ.ਐਸ.ਆਈ. ਪੁਲਿਸ ਵਿਭਾਗ, ਅਨਿਲ ਕੁਮਾਰ ਕਾਊਂਸਲਰ, ਸੁਰਜੀਤ ਸਿੰਘ ਅਕਾਊਂਟੈਂਟ ਆਫ ਬੀ.ਪੀ.ਈ.ਓ ਬਸੀ ਪਠਾਣਾਂ, ਅਮਰਪ੍ਰੀਤ ਸਿੰਘ ਆਊਟਰੀਚ ਵਰਕਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।
