ਰਈਆ,24 ਮਈ (ਅਸ਼ਵਨੀ – ਮੁਕੇਸ਼) : ਸ਼ੰਭੂ ਵਿੱਚ ਲਗਾਏ ਗਏ ਮੋਰਚੇ ਤੋਂ ਵਾਪਸ ਪਰਤ ਰਹੀ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਬੱਸ ਬੁੱਧਵਾਰ ਦੇਰ ਰਾਤ ਕਸਬਾ ਰਈਆ ਨੇੜੇ ਪਲਟ ਗਈ। ਇਸ ਹਾਦਸੇ ਵਿੱਚ 31 ਕਿਸਾਨ, ਮਜ਼ਦੂਰ ਅਤੇ ਇੱਕ ਔਰਤ ਜ਼ਖ਼ਮੀ ਹੋ ਗਈ ਹੈ।ਇਨ੍ਹਾਂ ਵਿੱਚੋਂ ਨੌਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਰਾਣਾ ਰਣਬੀਰ ਸਿੰਘ ਨੇ ਦੱਸਿਆ ਕਿ ਬੱਸ ਵਿੱਚ ਜ਼ਿਲ੍ਹੇ ਦੇ ਪਿੰਡ ਤਲਵੰਡੀ ਦਸੌਂਧਾ ਸਿੰਘ ਦੇ ਕਿਸਾਨ, ਮਜ਼ਦੂਰ ਅਤੇ ਔਰਤਾਂ ਸਨ।ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ, ਰਣਜੀਤ ਸਿੰਘ ਅਤੇ ਗੁਰਲਾਲ ਸਿੰਘ ਨੇ ਦੱਸਿਆ ਕਿ 9 ਕਿਸਾਨ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। 22 ਕਿਸਾਨ ਅਤੇ ਇੱਕ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ। ਕੁੱਲ 32 ਲੋਕ ਜ਼ਖਮੀ ਹੋਏ ਹਨ।ਦੇਰ ਰਾਤ ਤੱਕ ਨਿੱਜੀ ਵਾਹਨਾਂ ਅਤੇ ਐਂਬੂਲੈਂਸਾਂ ਰਾਹੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪਿੰਡ ਤਲਵੰਡੀ ਦਸੌਂਧਾ ਸਿੰਘ ਵਾਸੀ ਬਲਵਿੰਦਰ ਸਿੰਘ, ਰਣਜੋਧ ਸਿੰਘ, ਹਰਭਜਨ ਸਿੰਘ, ਤਰਸੇਮ ਸਿੰਘ, ਨਿਰਵੈਰ ਸਿੰਘ, ਗੁਰਮੁਖ ਸਿੰਘ, ਤਰਲੋਚਨ ਸਿੰਘ, ਸਮੀਰ ਸਿੰਘ ਅਤੇ ਗੁਰਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਉਸ ਦਾ ਗੁਰੂ ਰਾਮਦਾਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।