ਫਾਜਿ਼ਲਕਾ, 9 ਅਪ੍ਰੈਲ (ਬੋਬੀ ਸਹਿਜਲ – ਧਰਮਿੰਦਰ) : ਪਿੱਛਲੇ ਦਿਨੀਂ ਹੋਈ ਗੜੇਮਾਰੀ ਅਤੇ ਬੇਮੌਸਮੀ ਬਰਸਾਤਾਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ।ਇਹ ਜਾਣਕਾਰੀ ਅਬੋਹਰ ਦੇ ਐਸਡੀਐਮ ਅਕਾਸ਼ ਬਾਂਸਲ ਨੇ ਦਿੱਤੀ ਹੈ।ਐਸਡੀਐਮ ਨੇ ਦੱਸਿਆ ਕਿ ਪਿੱਛਲੇ ਦਿਨੀਂ ਹੋਈ ਗੜ੍ਹੇਮਾਰੀ ਕਾਰਨ ਅਤੇ ਫਸਲਾਂ ਦੇ ਪਾਣੀ ਵਿਚ ਡੁੱਬਣ ਕਾਰਨ ਨੁਕਸਾਨ ਹੋਇਆ ਸੀ, ਜਿਸ ਬਾਬਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲਦ ਤੋਂ ਜਲਦ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਸਨ।ਜਿਸ ਤੋਂ ਬਾਅਦ ਪਟਵਾਰੀਆਂ ਅਤੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਸਰਵੇ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰਕ੍ਰਿਆ ਦੀ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਵੱਲੋਂ ਵੀ ਲਗਾਤਾਰ ਨਿਗਰਾਨੀ ਲਈ ਪਿੰਡਾਂ ਦੇ ਦੌਰੇ ਕੀਤੇ ਗਏ ਹਨ ਅਤੇ ਪਿੰਡਾਂ ਵਿਚ ਪਹੁੰਚ ਕੇ ਲੋਕਾਂ ਦੇ ਵਿਚ ਜਾ ਕੇ ਗਿਰਦਾਵਰੀ ਕੀਤੀ ਗਈ ਹੈ।
ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਅਬੋਹਰ ਤਹਿਸੀਲ ਦੇ 78 ਪਿੰਡਾਂ ਤੋਂ ਇਲਾਵਾ ਫਾਜਿ਼ਲਕਾ ਅਤੇ ਜਲਾਲਾਬਾਦ ਦੇ ਪਿੰਡਾਂ ਵਿਚ ਵੀ ਗਿਰਦਾਵਰੀ ਕੀਤੀ ਗਈ ਹੈ।ਉਨ੍ਹਾਂ ਨੇ ਦੱਸਿਆ ਕਿ ਅਰਨੀਵਾਲਾ ਸਬ ਤਹਿਸੀਲ ਦੇ ਸੇਮ ਤੋਂ ਪ੍ਰਭਾਵਿਤ ਪਿੰਡਾਂ ਜਿਵੇਂ ਮੰਮੂਖੇੜਾ, ਸਜਰਾਣਾ,ਘਟਿਆਂਵਾਲੀ ਬੋਦਲਾ, ਚਿਮਨੇ ਵਾਲਾ, ਚਾਹਲਾਂ ਵਾਲੀ, ਸਿੰਘ ਪੁਰਾ, ਮੁੰਮੂ ਖੇੜਾ ਵਿਚ ਗਿਰਦਾਵਰੀ ਜਾਰੀ ਹੈ ਜਦ ਕਿ ਬਾਕੀ ਪਿੰਡਾਂ ਵਿਚ ਇਹ ਕੰਮ ਅੱਜ ਸ਼ਾਮ ਤੱਕ ਮੁਕੰਮਲ ਹੋ ਜਾਣ ਦੀ ਆਸ ਹੈ।ਐਸਡੀਐਮ ਨੇ ਕਿਹਾ ਕਿ ਉਪਰੋਕਤ ਪਿੰਡਾਂ ਨੂੰ ਛੱਡ ਕੇ ਬਾਕੀ ਜ਼ੇਕਰ ਕਿਤੇ ਵੀ ਕਿਸੇ ਕਿਸਾਨ ਦੀ ਗੜ੍ਹੇਮਾਰੀ ਕਾਰਨ ਜਾਂ ਮੀਂਹ ਕਾਰਨ ਨੁਕਸਾਨ ਹੋਇਆ ਹੋਵੇ ਅਤੇ ਉਸਦੀ ਗਿਰਦਾਵਰੀ ਹਾਲੇ ਨਾ ਹੋਈ ਹੋਵੇ ਤਾਂ ਉਹ ਮਿਤੀ 10 ਅਪ੍ਰੈਲ 2023 ਨੂੰ ਆਪੋ ਆਪਣੇ ਇਲਾਕੇ ਦੇ ਐਸਡੀਐਮ, ਤਹਿਸੀਲਦਾਰਾਂ ਜਾਂ ਨਾਇਬ ਤਹਿਸੀਲਦਾਰਾਂ ਦੇ ਦਫ਼ਤਰਾਂ ਵਿਚ ਪਹੁੰਚ ਕਰਕੇ ਆਪਣੀ ਅਰਜੀ ਦੇ ਸਕਦਾ ਹੈ ਤਾਂ ਜ਼ੋ ਅਜਿਹੇ ਰਹਿ ਗਏ ਕਿਸਾਨਾਂ ਦੀ ਗਿਰਦਾਵਰੀ ਕਰਵਾਈ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਉਪਰੰਤ ਖਰਾਬੇ ਦੀ ਰਿਪੋਰਟ ਸਰਕਾਰ ਨੂੰ ਭੇਜ਼ ਦਿੱਤੀ ਜਾਵੇਗੀ ਤਾਂ ਜੋ ਜਲਦ ਤੋਂ ਜਲਦ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾ ਸਕੇ।