ਬਟਾਲਾ, 9 ਅਪ੍ਰੈਲ (ਲਿਕੇਸ਼ ਸ਼ਰਮਾ – ਅਸ਼ਵਨੀ) : ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਵਲੋਂ ਡੇਰਾ ਬਾਬਾ ਨਾਨਕ ਰੋਡ “ਮੱਲੀ ਮਾਰਕੀਟ” ਵਿਖੇ ਪਿੱਛਲੇ ਲੰਬੇ ਸਮੇਂ ਤੋਂ ਆ ਰਹੀ ਸੜਕ ਦੀ ਮੁਸ਼ਕਿਲ ਦਾ ਹੱਲ ਕਰਦਿਆਂ ਲੁੱਕ ਨਾਲ ਬਣਨ ਵਾਲੀ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਐਮਸੀ ਬਲਵਿੰਦਰ ਸਿੰਘ ਮਿੰਟਾਂ,ਗੁਰਜੀਤ ਸਿੰਘ ਵਾਰਡ ਇੰਚਾਰਜ 49, ਗੁਰਪਰੀਤ ਸਿੰਘ,ਕੁੱਕੂ ਜੀ, ਗੁਰਪਰਤਾਪ ਸਿੰਘ ,ਬਲਰਾਮ, ਸੰਨੀ ,ਗਗਨ ਬਟਾਲਾ, ਮਲਕੀਤ ਸਿੰਘ, ਮਾਣਿਕ ਮਹਿਤਾ, ਬਲਜੀਤ ਨਿੱਕੂ ਹੰਸਪਾਲ ਸਮੇਤ ਪਾਰਟੀ ਦੇ ਵਰਕਰ ਤੇ ਆਗੂ ਮੋਜੂਦ ਸਨ।ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਤੋਂ ਇਲਾਵਾ ਸਰਬਪੱਖੀ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਧਾਰਮਿਕ ਤੇ ਇਤਿਹਾਸਕ ਸ਼ਹਿਰ ਬਟਾਲਾ ਅੰਦਰ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨਾ,ਉਨਾਂ ਦੀ ਪਹਿਲੀ ਤਰਜੀਹ ਹੈ।ਬਟਾਲਾ ਵਿਖੇ ਕਰਵਾਏ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਬਟਾਲਾ ਸ਼ਹਿਰ ਦੇ ਮੁੱਖ ਚੌਕਾਂ ਨੂੰ ਚੋੜਾ ਕੀਤਾ ਗਿਆ ਹੈ ਅਤੇ ਉਨਾਂ ਦੇ ਸੁੰਦਰੀਕਰਨ ਕੀਤਾ ਜਾਵੇਗਾ। ਸ਼ਹਿਰ ਅੰਦਰ ਆਵਾਜਾਈ ਸੁਖਾਲੀ ਕਰਨ ਤੋਂ ਇਲਾਵਾ ਵੱਖ-ਵੱਖ ਵਿਕਾਸ ਕਾਰਜ ਪ੍ਰਗਤੀ ਅਧੀਨ ਹਨ। ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿਖੇ 7 ਲੱਖ ਰੁਪਏ ਦੀ ਲਾਗਤ ਨਾਲ ਮਜਦੂਰ ਯੂਨੀਅਨ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਸ਼ੈਡ ਦੀ ਉਸਾਰੀ ਕਰਵਾਈ ਗਈ ਹੈ।ਬਟਾਲਾ ਦੀ ਸ਼ਬਜ਼ੀ ਮੰਡੀ ਵਿਖੇ 1.72 ਕਰੋੜ ਰੁਪਏ ਦੀ ਲਾਗਤ ਨਾਲ ਸ਼ੈੱਡ ਤੇ ਬਾਥਰੂਮ ਦਾ ਵਿਕਾਸ ਕੰਮ ਚੱਲ ਰਿਹਾ ਹੈ। ਕਿਲਾ ਮੰਡੀ ਵਿਖੇ ਆਮ ਆਦਮੀ ਕਲੀਨਿਕ ਬਣਨ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਲਾਭ ਮਿਲਿਆ ਹੈ।ਉਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਬਿਨਾਂ ਪੱਖਪਾਤ ਤੋਂ ਹਰ ਵਰਗ ਦੀ ਭਲਾਈ ਲਈ ਕੰਮ ਕੀਤੇ ਜਾਰਹੇ ਹਨ। ਬਟਾਲਾ ਹਲਕੇ ਦੇ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਸਰਬਪੱਖੀ ਵਿਕਾਸ ਲਈ ਉਹ ਵਚਨਬੱਧ ਹਨ ਅਤੇ ਆਪ ਪਾਰਟੀ ਵਲੋਂ ਲੋਕਾਂ ਨੂੰ ਜੋ ਗਰੰਟੀਆਂ ਦਿੱਤੀਆਂ ਗਈਆਂ ਸਨ, ਉਹ ਪੂਰੀਆਂ ਕੀਤੀਆਂ ਜਾ ਰਹੀਆਂ ਹਨ।