ਫ਼ਤਹਿਗੜ੍ਹ ਸਾਹਿਬ, 25 ਦਸੰਬਰ: ( ਅਸ਼ਵਨੀ, ਮੋਹਿਤ ਜੈਨ) -ਸਰਬੰਸਦਾਨੀ ਦਸਮਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਜੁਲਮ ਦਾ ਡੱਟ ਕੇ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੰਦੀ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਸਾਡੇ ਮਹਾਨ ਸ਼ਹੀਦਾਂ ਵੱਲੋਂ ਪਾਏ ਗਏ ਪੂਰਨਿਆਂ ‘ਤੇ ਚੱਲ ਕੇ ਸਮਾਜ ਦੀ ਬਿਹਤਰੀ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਸ. ਲਖਬੀਰ ਸਿੰਘ ਰਾਏ ਨੇ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ।ਵਿਧਾਇਕ ਰਾਏ ਨੇ ਕਿਹਾ ਕਿ ਹਰ ਸਾਲ ਵਾਂਗ ਇਸ ਵਾਰ ਵੀ ਸ਼ਹੀਦੀ ਜੋੜ ਪੂਰਨ ਸ਼ਰਧਾ ਨਾਲ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸੰਗਤ ਦੀ ਸਹੂਲਤ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਇਹ ਗੱਲ ਯਕੀਨੀ ਬਣਾਈ ਹੈ ਕਿ ਕਿਸੇ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਉਹਨਾਂ ਅਪੀਲ ਕੀਤੀ ਕਿ ਇਸ ਸ਼ਹੀਦੀ ਜੋੜ ਮੇਲ ਵਿਚ ਬਹੁਤ ਹੀ ਸਾਦੇ ਢੰਗ ਨਾਲ ਸ਼ਾਮਲ ਹੋ ਕੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇ।ਵਿਧਾਇਕ ਰਾਏ ਨੇ ਨੌਜਵਾਨ ਪੀੜ੍ਹੀ ਨੂੰ ਸੱਦਾ ਦਿੱਤਾ ਕਿ ਉਹ ਮਹਾਨ ਸ਼ਹੀਦਾਂ ਦੇ ਪਾਏ ਪੂਰਨਿਆਂ ‘ਤੇ ਚੱਲ ਕੇ ਨਸ਼ਿਆਂ ਵਿਰੁੱਧ ਅਤੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੇ ਜੋ ਕੁਰਬਾਨੀ ਦਿੱਤੀ ਹੈ ਉਸ ਦੀ ਮਿਸਾਲ ਦੁਨੀਆਂ ਦੇ ਕਿਸੇ ਵੀ ਇਤਿਹਾਸ ਵਿੱਚ ਨਹੀਂ ਮਿਲਦੀ।ਨੌਜਵਾਨ ਆਪਣੇ ਅਮੀਰ ਸੱਭਿਆਚਾਰ ਨਾਲ ਜੁੜ ਕੇ ਇੱਕ ਨਰੋਏ ਤੇ ਉਸਾਰੂ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕਣ। ਉਹਨਾਂ ਕਿਹਾ ਕਿ ਸਾਡਾ ਇਤਿਹਾਸ ਬਹੁਤ ਲਾਸਾਨੀ ਹੈ, ਜਿਸ ਤੋਂ ਸੇਧ ਲੈਕੇ ਸਾਰੀਆਂ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕੀਤਾ ਜਾ ਸਕਦਾ ਹੈ।ਵਿਧਾਇਕ ਐਡਵੋਕੇਟ ਰਾਏ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਬਰ ਰੱਖ ਕੇ ਜ਼ੁਲਮ ਦਾ ਟਾਕਰਾ ਕੀਤਾ ਤੇ ਅੱਜ ਕੁਲ ਲੋਕਾਈ ਉਹਨਾਂ ਨੂੰ ਯਾਦ ਕਰਦੀ ਹੈ। ਦੂਜੇ ਪਾਸੇ ਜਿਨ੍ਹਾਂ ਨੇ ਜ਼ੁਲਮ ਕੀਤੇ ਸਨ, ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ ਹੈ। ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਤੇ ਉਹਨਾਂ ਦੀਆਂ ਕੁਰਬਾਨੀਆਂ ਰਹਿੰਦਿਆਂ ਦੁਨੀਆਂ ਤੱਕ ਯਾਦ ਰੱਖੀਆਂ ਜਾਣਗੀਆਂ।ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੱਚ ਦੀ ਖ਼ਾਤਰ ਅਪਣਾ ਸਰਬੰਸ ਵਾਰਿਆ ਤੇ ਸਰਬੰਸ ਵਾਰ ਕਿ ਵੀ ਸਬਰ ਦਾ ਲੜ ਨਹੀਂ ਛੱਡਿਆ ਅਤੇ ਭਾਣਾ ਮਿੱਠਾ ਕਰਕੇ ਮੰਨਿਆ। ਅੱਜ ਲੋੜ ਹੈ ਕਿ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ ਉੱਤੇ ਚੱਲ ਕੇ ਸਬਰ ਸੰਤੋਖ ਵਾਲਾ ਜੀਵਨ ਬਤੀਤ ਕੀਤਾ ਜਾਵੇ।
