ਮਾਲੇਰਕੋਟਲਾ, 15 ਜੂਨ (ਰਾਜੇਸ਼ ਜੈਨ – ਰਾਜਨ ਜੈਨ) : ਸਥਾਨਕ ਗੁਰਵਿੰਦਰ ਹਸਪਤਾਲ ਵਿਖੇ ਡਾ: ਗੁਰਵਿੰਦਰ ਸਿੰਘ ਦੀ ਦੇਖ-ਰੇਖ ਹੇਠ ਵਿਸ਼ਵ ਨੈਸ ਦਿਵਸ ਮਨਾਇਆ ਗਿਆ | ਇਸ ਮੌਕੇ ਡਾ: ਹਰਮੀਤ ਸਿੰਘ ਸਲੂਜਾ ਡੀ.ਐਮ.ਗੈਸਟੌਲੋਜੀ ਦੀਪ ਹਸਪਤਾਲ ਲੁਧਿਆਣਾ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਮਰੀਜਾਂ ਨੂੰ ਫੈਟੀ ਲਿਵਰ ਨਾਲ ਹੋਣ ਵਾਲੇ ਨੁਕਸਾਨ ‘ਤੇ ਚਾਨਣਾ ਪਾਉਂਦਿਆ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਲੋਕ ਲੀਵਰ ਦੀ ਸਮੱਸਿਆ ਅਤੇ ਬਿਮਾਰੀਆਂ ਨਾਲ ਜੂਝ ਰਹੇ ਹਨ, ਜਿਸ ਦਾ ਮੁੱਖ ਕਾਰਨ ਲੋਕਾਂ ਵੱਲੋਂ ਦੁੱਧ ਤੋਂ ਬਣੀਆਂ ਵਸਤਾਂ ਦਾ ਜ਼ਿਆਦਾ ਸੇਵਨ ਕਰਨਾ ਹੈ। ਜਿਸ ਕਾਰਨ ਜਿਗਰ ਖਰਾਬ ਹੋ ਜਾਂਦਾ ਹੈ ਜਿਗਰ ਤੇ ਚਰਬੀ ਇਕੱਠੀ ਹੋਣ ਲੱਗਦੀ ਹੈ। ਜਿਸ ਕਾਰਨ ਸਾਨੂੰ ਜਿਗਰ ਦੀਆਂ ਭਿਆਨਕ ਬਿਮਾਰੀਆਂ ਤੋਂ ਪੀੜਤ ਹੋਣਾ ਪੈਂਦਾ ਹੈ, ਜੋ ਬਾਅਦ ਵਿੱਚ ਜਿਗਰ ਦੇ ਕੈਂਸਰ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਸੈਰ ਜਾਂ ਕਸਰਤ ਆਦਿ ਨਾ ਕਰਨ ਕਾਰਨ ਵੀ ਮੋਟਾਪੇ ਕਾਰਨ ਜਿਗਰ ਵਿੱਚ ਚਰਬੀ ਜਮ੍ਹਾਂ ਹੋ ਜਾਂਦੀ ਹੈ।ਇਸ ਦੇ ਪ੍ਰਭਾਵਾਂ ਤੋਂ ਬਚਣ ਲਈ ਡਾ: ਸਲੂਜਾ ਨੇ ਲੋਕਾਂ ਨੂੰ ਆਪਣਾ ਵਜ਼ਨ ਕੰਟਰੋਲ ‘ਚ ਰੱਖਣ, ਦੁੱਧ ਤੋਂ ਬਣੇ ਪਦਾਰਥਾਂ ਦਾ ਸੇਵਨ ਘੱਟ ਕਰਨ, ਸੰਤੁਲਿਤ ਖੁਰਾਕ ਲੈਣ ਅਤੇ ਕਸਰਤ ਜਾਂ ਸੈਰ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡਾ: ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਬਿਮਾਰੀ ਕਾਰਨ ਮਰੀਜ਼ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਦਾ ਵੀ ਸ਼ਿਕਾਰ ਹੋ ਸਕਦਾ ਹੈ | ਇਸ ਲਈ ਸਾਨੂੰ ਸਮੇਂ-ਸਮੇਂ ‘ਤੇ ਆਪਣੇ ਲੀਵਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਜਿਗਰ ਦੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਤੇ ਜ਼ਾਈਡਸ ਫਾਰਮਾ ਦੀ ਟੀਮ ਵੱਲੋ ਰਜਨੀਸ਼ ਤਿਵਾੜੀ, ਵਿਪਨ ਭਾਟੀਆ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |