ਜਗਰਾਓਂ, 15 ਜੂਨ ( ਭਗਵਾਨ ਭੰਗੂ, ਜਗਰੂਪ ਸੋਹੀ )-ਬੀਤੇ 46 ਦਿਨਾਂ ਤੋਂ ਪਿੰਡ ਦੇ ਮੁੱਢ ਚ ਲੱਗ ਰਹੀ ਬਾਇਓ ਗੈਸ ਫੈਕਟਰੀ ਨੂੰ ਪੱਕੇ ਤੋਰ ਤੇ ਬੰਦ ਕਰਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਫੈਕਟਰੀ ਮੂਹਰੇ ਪਿੰਡ ਅਖਾੜਾ ਚ ਦਿਨ ਰਾਤ ਦੇ ਧਰਨੇ ਨੂੰ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਇਹ ਫੈਕਟਰੀ ਪੱਕੇ ਤੋਰ ਤੇ ਬੰਦ ਨਹੀ ਜ਼ਰ ਦਿੱਤੀ ਜਾਂਦੀ। ਸੰਘਰਸ਼ ਕਮੇਟੀ ਦੇ ਆਗੂਆਂ ਗੁਲਵੰਤ ਸਿੰਘ ਅਖਾੜਾ, ਗੁਰਤੇਜ ਸਿੰਘ ਅਖਾੜਾ ਨੇ ਦੱਸਿਆ ਕਿ ਡੀ ਸੀ ਲੁਧਿਆਣਾ ਵੱਲੋਂ ਭੇਜੀ ਪੜਤਾਲੀਆ ਟੀਮ ਨੂੰ ਦੋ ਘੰਟੇ ਲੰਮੀ ਮੀਟਿੰਗ ਚ ਅਧਿਕਾਰੀਆਂ ਦੇ ਸਾਰੇ ਸਵਾਲਾਂ ਦੇ ਤਰਕ ਭਰਪੂਰ ਜਵਾਬ ਦੇ ਕੇ ਸਹਿਮਤ ਕੀਤਾ ਗਿਆ ਕਿ ਇਹ ਫੈਕਟਰੀ ਪੱਕੇ ਤੋਰ ਤੇ ਬੰਦ ਕੀਤੀ ਜਾਵੇ । ਉੱਨਾਂ ਦੱਸਿਆ ਕਿ ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕ ਸਰਬਜੀਤ ਕੋਰ ਮਾਣੂਕੇ ਦੇ ਘਰ ਦਾ 18 ਜੂਨ ਨੂੰ ਪੂਰੇ ਪਿੰਡ ਵੱਲੋਂ ਲਾਮਿਸਾਲ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਚ ਸਭ ਤੋ ਵੱਧ ਵੋਟਾਂ ਪਾ ਕੇ ਪੂਰੇ ਪਿੰਡ ਵੱਲੋਂ ਜਿਤਾਈ ਜਾਣ ਵਾਲੀ ਹਲਕਾ ਵਿਧਾਇਕ ਨੇ ਉਨ੍ਹਾਂ ਦੀ ਹੁਣ ਤੱਕ ਸਾਰ ਲੈਣ ਦੀ ਵੀ ਜਰੂਰਤ ਨਹੀਂ ਸਮਝੀ। ਲੋਕ ਸਭਾ ਚੋਣਾਂ ਦਾ ਪੂਰਨ ਬਾਈਕਾਟ ਕਰਕੇ ਅਖਾੜਾ ਪਿੰਡ ਨੇ ਅਪਣੀ ਸ਼ਕਤੀ ਤੇ ਪੂਰਨ ਏਕਤਾ ਦਾ ਮੁਜਾਹਰਾ ਕੀਤਾ ਹੈ। ਉਨ੍ਹਾਂ ਇਲਾਕੇ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਇਸ ਰੋਸ ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਜਿਕਰਯੋਗ ਹੈ ਕਿ ਬੀਤੀ 11 ਜੂਨ ਨੂੰ ਸੱਤ ਪਿੰਡਾਂ ਅਖਾੜਾ, ਭੂੰਦੜੀ, ਘੁੰਗਰਾਲੀ ਰਾਜਪੂਤਾਂ, ਮੁਸ਼ਕਾਬਾਦ , ਪਾਇਲ, ਸੇਹ, ਗੋਹ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਹਜ਼ਾਰਾਂ ਦੀ ਗਿਣਤੀ ਚ ਮਰਦ ਔਰਤਾਂ ਵਲੋ ਡੀ ਸੀ ਦਫਤਰ ਮੂਹਰੇ ਦਿੱਤੇ ਲਾਮਿਸਾਲ ਧਰਨੇ ਦੀ ਬਦੋਲਤ ਡੀ ਸੀ ਲੁਧਿਆਣਾ ਨੇ ਸਾਰੀਆਂ ਥਾਵਾਂ ਦੀ ਪੜਤਾਲ ਕਰਕੇ ਰਿਪੋਰਟ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਚ ਭੇਜਣ ਤੇ ਪੰਜਾਬ ਸਰਕਾਰ ਨਾਲ ਗੱਲ ਕਰਾਉਣ ਦਾ ਭਰੋਸਾ ਦੇਣ ਤੇ ਬੀਤੇ ਦਿਨ ਮੋਰਚੇ ਚ ਪੁੱਜੀ ਡੀ ਸੀ ਸੀ ਪੜਤਾਲੀਆ ਟੀਮ ਚ ਡੀ ਡੀ ਪੀ ਓ ਨਵਦੀਪ ਕੋਰ ਲੁਧਿਆਣਾ, ਗੁਰਦੀਪ ਸਿੰਘ ਬਲਾਕ ਖੇਤੀਬਾੜੀ ਅਫਸਰ , ਹਰਮਿੰਦਰ ਸਿੰਘ ਏ ਡੀ ਓ ਸਮੇਤ ਵੱਖ ਵੱਖ ਅਦਾਰਿਆਂ ਦੇ ਅੱਠ ਅਧਿਕਾਰੀ ਪਹੁੰਚੇ ਸਨ। ਸੰਘਰਸ਼ ਕਮੇਟੀ ਆਗੂਆਂ ਨੇ ਦੱਸਿਆ ਕਿ ਵੱਸੋਂ ਦੇ ਨੇੜੇ ਉਸਾਰੀ ਜਾਣ ਵਾਲੀ ਬਾਈਓ ਗੈਸ ਫੈਕਟਰੀ ਗੈਰਕਨੂੰਨੀ ਹੈ, ਪਿੰਡ ਦੀ ਪੰਚਾਇਤ ਜਾਂ ਗਰਾਮ ਸਭਾ ਤੋਂ ਪੁੱਛਿਆ ਹੀ ਨਹੀਂ ਗਿਆ ।