ਹੁਸ਼ਿਆਰਪੁਰ,(ਬਿਊਰੋ)- ਅੱਜ ਸਵੇਰੇ ਹੁਸ਼ਿਆਰਪੁਰ ਬਸ ਸਟੈਂਡ ‘ਤੇ ਉਸ ਸਮੇਂ ਹੰਗਾਮਾ ਮੱਚ ਗਿਆ ਜਦੋਂ ਇੱਕ ਮਹਿਲਾ ‘ਤੇ ਬਸ ਦੇ ਡਰਾਈਵਰ ਅਤੇ ਕੰਡਕਟਰ ਨਾਲ ਬਦਤਮੀਜ਼ੀ ਕਰਨ ਦੇ ਇਲਜ਼ਾਮ ਲੱਗੇ।ਇਨ੍ਹਾਂ ਹੀ ਨਹੀਂ ਮਹਿਲਾ ‘ਤੇ ਇਹ ਵੀ ਇਲਜ਼ਾਮ ਨੇ ਕਿ ਜਦੋਂ ਬਸ ਵਿਚ ਹੀ ਮੌਜੂਦ ਇੱਕ ਪੁਲਿਸ ਅਧਿਕਾਰੀ ਵੱਲੋਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਪੁਲਿਸ ਕਰਮੀ ‘ਤੇ ਵੀ ਭੜਕ ਗਈ।ਇਸ ਹੰਗਾਮੇ ਤੋਂ ਬਾਅਦ ਗੁੱਸੇ ‘ਚ ਆਏ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਬਸ ਅੱਡੇ ਨੂੰ ਬੰਦ ਕਰ ਕੇ ਉਥੇ ਹੀ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਪੰਜਾਬ ਰੋਡਵੇਜ਼ ਦੀ ਬਸ ਜਲੰਧਰ ਜਾਣ ਲੱਗੀ ਤਾਂ ਇਸ ਦੌਰਾਨ ਇੱਕ ਮਹਿਲਾ ਬਸ ‘ਚ ਆਈ ਤੇ ਜਦੋਂ ਕਡੰਕਟਰ ਵਲੋਂ ਉਸ ਤੋਂ ਆਧਾਰ ਕਾਰਡ ਮੰਗਿਆ ਗਿਆ ਤਾਂ ਮਹਿਲਾ ਨੇ ਉਸ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ।ਇਨ੍ਹਾਂ ਹੀ ਨਹੀਂ ਉਨ੍ਹਾਂ ਇਲਜ਼ਾਮ ਲਾਇਆ ਕਿ ਮਹਿਲਾ ਵੱਲੋਂ ਗਾਲੀ ਗਲੋਚ ਵੀ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ‘ਤੇ ਵਰ੍ਹਦਿਆਂ ਮੁਲਾਜ਼ਮਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜੋ ਫ੍ਰੀ ਬਸ ਦੀ ਸਹੂਲਤ ਮਹਿਲਾਵਾਂ ਨੂੰ ਦਿੱਤੀ ਗਈ ਹੈ ਉਹ ਤੁਰੰਤ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਵੀ ਕੋਈ ਅਜਿਹਾ ਮਾਮਲਾ ਹੁੰਦਾ ਹੈ ਤਾਂ ਮਹਿਲਾਵਾਂ ਵੱਲੋਂ ਬਸਾਂ ਵਾਲਿਆਂ ਨਾਲ ਦੁਰਵਿਵਹਾਰ ਸ਼ੁਰੂ ਕਰ ਦਿੱਤਾ ਜਾਂਦਾ ਹੈ।ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਔਰਤਾਂ ਅਤੇ ਲੜਕੀਆਂ ਦੇ ਸਸ਼ਕਤੀਕਰਨ ਲਈ ਆਪਣੀ ਸਰਕਾਰ ਦੇ ਯਤਨਾਂ ਦੇ ਹਿੱਸੇ ਵਜੋਂ 5 ਮਾਰਚ 2021 ਨੂੰ ਵਿਧਾਨ ਸਭਾ ਵਿੱਚ ਮੁਫ਼ਤ ਯਾਤਰਾ ਯੋਜਨਾ ਦਾ ਐਲਾਨ ਕੀਤਾ ਸੀ।ਇਸ ਸਕੀਮ ਦੇ ਤਹਿਤ, ਪੰਜਾਬ ਦੀਆਂ ਔਰਤਾਂ ਸਰਕਾਰੀ ਮਾਲਕੀ ਵਾਲੀਆਂ ਬਸਾਂ ਵਿੱਚ ਮੁਫ਼ਤ ਬਸ ਸਫ਼ਰ ਦਾ ਲਾਭ ਲੈ ਸਕਦੀਆਂ ਹਨ, ਜਿਸ ਵਿੱਚ ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.), ਪੰਜਾਬ ਰੋਡਵੇਜ਼ ਬਸਾਂ (ਪਨਬਸ) ਅਤੇ ਸਥਾਨਕ ਸੰਸਥਾਵਾਂ ਦੁਆਰਾ ਸੰਚਾਲਿਤ ਸਿਟੀ ਬਸ ਸੇਵਾਵਾਂ ਸ਼ਾਮਲ ਹਨ।ਹਾਲਾਂਕਿ, ਇਹ ਸਕੀਮ ਸਰਕਾਰੀ ਮਾਲਕੀ ਵਾਲੀਆਂ AC ਬਸਾਂ, ਵੋਲਵੋ ਬਸਾਂ ਅਤੇ HVAC ਬਸਾਂ ‘ਤੇ ਲਾਗੂ ਨਹੀਂ ਹੈ। ਇਸ ਸਹੂਲਤ ਦਾ ਲਾਭ ਲੈਣ ਲਈ ਆਧਾਰ ਕਾਰਡ, ਵੋਟਰ ਕਾਰਡ ਜਾਂ ਪੰਜਾਬ ਵਿੱਚ ਰਿਹਾਇਸ਼ ਦਾ ਕੋਈ ਹੋਰ ਸਬੂਤ ਵਰਗੇ ਦਸਤਾਵੇਜ਼ਾਂ ਪੇਸ਼ ਕਰਨਾ ਲਾਜ਼ਮੀ ਹੈ।