ਚੰਡੀਗੜ੍ਹ (ਬਿਊਰੋ) ਪੰਜਾਬ ਵਿੱਚ ਬਿਜਲੀ ਸੰਕਟ ਮੰਡਰਾ ਰਿਹਾ ਹੈ ਕਿਉਂਕਿ ਕੋਲੇ ਦੀ ਘਾਟ ਵੱਡੀ ਸਮੱਸਿਆਂ ਹੈ।ਗੋਇੰਦਵਾਲ ਸਾਹਿਬ ਪਲਾਂਟ ਵਿੱਚ ਕੋਲਾ ਖਤਮ ਹੋ ਗਿਆ ਹੈ।ਉੱਥੇ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਵੀ ਸਿਰਫ਼ 4 ਦਿਨ ਦਾ ਕੋਲਾ ਬਚਿਆ ਹੈ।ਦੂਜੇ ਪਾਸੇ ਲਹਿਰਾ ਮੁਹੱਬਤ ਥਰਮਲ ਪਲਾਂਟ ਵਿੱਚ 7 ਦਿਨ, ਰੋਪੜ ਥਰਮਲ ਪਲਾਂਟ ਵਿੱਚ 11 ਦਿਨ ਅਤੇ ਰਾਜਪੁਰਾ ਵਿੱਚ 21 ਦਿਨ ਦਾ ਕੋਲਾ ਬਚਿਆ ਹੈ।ਇਸ ਬਾਰੇ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਕੋਲੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਜ਼ਿਕਰਯੋਗ ਹੈ ਕਿ ਬੰਦ ਪਏ ਗੋਇੰਦਵਾਲ ਥਰਮਲ ਪਲਾਂਟ ਤੋਂ 540 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ। ਰਾਜਪੁਰਾ ਥਰਮਲ ਪਲਾਂਟ ਦੀ 1400 ਮੈਗਾਵਾਟ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦੀ 1980 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਹੈ। ਇਹ ਤਿੰਨੇ ਪ੍ਰਾਈਵੇਟ ਥਰਮਲ ਪਲਾਂਟ ਹਨ। ਇਸ ਦੇ ਨਾਲ ਹੀ ਸਰਕਾਰੀ ਰੋਪੜ ਥਰਮਲ ਪਲਾਂਟ ਦੀ ਸਮਰੱਥਾ 840 ਮੈਗਾਵਾਟ ਅਤੇ ਲਹਿਰਾ ਮੁਹੱਬਤ ਦੀ 1925 ਮੈਗਾਵਾਟ ਬਿਜਲੀ ਉਤਪਾਦਨ ਸਮਰੱਥਾ ਹੈ।ਦੂਜੇ ਪਾਸੇ ਝੋਨੇ ਦਾ ਸੀਜ਼ਨ ਵੀ ਜੂਨ ਮਹੀਨੇ ਤੋਂ ਸ਼ੁਰੂ ਹੋਣਾ ਹੈ। ਉਸ ਸਮੇਂ ਕਿਸਾਨਾਂ ਨੂੰ ਝੋਨਾ ਲਾਉਣ ਲਈ ਬਿਜਲੀ ਦੀ ਜਰੂਰਤ ਪਵੇਗੀ।ਜੇਕਰ ਸਰਕਾਰ ਨੇ ਹੁਣੇ ਕੋਈ ਪ੍ਰਬੰਧ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਸਮੱਸਿਆ ਹੋਰ ਵੀ ਵੱਡੀ ਹੋ ਸਕਦੀ ਹੈ।