ਹਠੂਰ , 8 ਅਪ੍ਰੈਲ ( ਰਾਜੇਸ਼ ਜੈਨ )-ਆਪਣੇ ਪਤੀ ਨਾਲ ਮੋਟਰਸਾਈਕਲ ’ਤੇ ਜਾ ਰਹੀ ਔਰਤ ਨੂੰ ਕਰਾਸ ਕਰ ਰਹੀ ਆਲਟੋ ਕਾਰ ਦੇ ਚਾਲਕ ਨੇ ਉਸ ਦਾ ਪਰਸ ਖੋਹ ਲਿਆ ਅਤੇ ਫਰਾਰ ਹੋ ਗਿਆ। ਇਸ ਸਬੰਧੀ ਉਸ ਖ਼ਿਲਾਫ਼ ਥਾਣਾ ਹਠੂਰ ਵਿੱਚ ਕੇਸ ਦਰਜ ਕੀਤਾ ਗਿਆ ਸੀ। ਏਐਸਆਈ ਮਨੋਹਰ ਲਾਲ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਚੰਦਰ ਮੋਹਨ ਮੜੀਆ, ਰਾਜਨ ਨਗਰ ਲੈਦਰ ਕੰਪਲੈਕਸ ਰੋਡ ਬਸਤੀ ਪੀਰ ਦਾਸ ਜਲੰਧਰ ਵਾਸੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਸ਼ਿਖਾ ਅਤੇ ਪੁੱਤਰ ਸਾਹਿਲ ਨਾਲ ਮੋਟਰਸਾਈਕਲ ’ਤੇ ਹਠੂਰ ਆਪਣੇ ਪੁਰਖਿਆਂ ਦੇ ਸਥਾਨ ’ਤੇ ਮੱਥਾ ਟੇਕਣ ਲਈ ਜਾ ਰਿਹਾ ਸੀ। ਜਦੋਂ ਮੈਂ ਮੋਟਰਸਾਈਕਲ ਨੂੰ ਹਠੂਰ ਨੂੰ ਜਾਂਦੀ ਸੜਕ ’ਤੇ ਖੜ੍ਹਾ ਕਰਕੇ ਕਿਸੇ ਵਿਅਕਤੀ ਤੋਂ ਜਗ੍ਹਾ ਬਾਰੇ ਪੁੱਛਣ ਲੱਗਾ ਤਾਂ ਪਿੱਛੇ ਤੋਂ ਇਕ ਆਲਟੋ ਕਾਰ ਆਈ ਅਤੇ ਕਾਰ ਚਾਲਕ ਨੇ ਮੇਰੀ ਪਤਨੀ ਸ਼ਿਖਾ ਦੇ ਮੋਢੇ ’ਤੇ ਪਾਇਆ ਪਰਸ ਝਪਟ ਲਿਆ ਅਤੇ ਕਾਰ ਭਜਾ ਕੇ ਲੈ ਗਿਆ। ਅਸੀਂ ਉਸਦੀ ਕਾਰ ਦਾ ਨੰਬਰ ਨੋਟ ਕਰ ਲਿਆ। ਮੇਰੀ ਪਤਨੀ ਦੇ ਪਰਸ ਵਿੱਚ 9300 ਰੁਪਏ, ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਸਨ। ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਜਸਵਿੰਦਰ ਸਿੰਘ ਉਰਫ਼ ਨਿੱਕਾ ਵਾਸੀ ਪਿੰਡ ਮਾਛੀਕੇ, ਥਾਣਾ ਨਿਹਾਲ ਸਿੰਘ, ਜ਼ਿਲ੍ਹਾ ਮੋਗਾ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਉਸ ਖ਼ਿਲਾਫ਼ ਥਾਣਾ ਹਠੂਰ ਵਿੱਚ ਕੇਸ ਦਰਜ ਕੀਤਾ ਗਿਆ।