Home crime ਪ੍ਰਾਈਵੇਟ ਬੈਂਕ ਦੇ ਮੁਲਾਜ਼ਮ ਨੇ ਵੱਧ ਕਰਜ਼ਾ ਦਿਵਾਉਣ ਦੇ ਨਾ ਤੇ ਮਾਰੀ...

ਪ੍ਰਾਈਵੇਟ ਬੈਂਕ ਦੇ ਮੁਲਾਜ਼ਮ ਨੇ ਵੱਧ ਕਰਜ਼ਾ ਦਿਵਾਉਣ ਦੇ ਨਾ ਤੇ ਮਾਰੀ 5.50 ਲੱਖ ਦੀ ਠੱਗੀ

34
0


ਰਾਏਕੋਟ, 23 ਜੁਲਾਈ ( ਜਸਵੀਰ ਹੇਰਾਂ )-ਇੱਕ ਨਿੱਜੀ ਬੈਂਕ ਵਿੱਚ ਲੱਗੇ ਇੱਕ ਮੁਲਾਜ਼ਮ ਨੇ ਹੋਰ ਵਧੇਰੇ ਕਰਜ਼ਾ ਦਿਵਾਉਣ ਦੇ ਬਹਾਨੇ ਖਪਤਕਾਰਾਂ ਨਾਲ 5.50 ਲੱਖ ਰੁਪਏ ਦੀ ਠੱਗੀ ਮਾਰੀ। ਜਿਸ ਦੇ ਖਿਲਾਫ ਥਾਣਾ ਸਿਟੀ ਰਾਏਕੋਟ ’ਚ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕੀਤਾ ਗਿਆ। ਏਐਸਆਈ ਰਾਜਕੁਮਾਰ ਨੇ ਦੱਸਿਆ ਕਿ ਵਿਪਨ ਸ਼ਰਮਾ ਵਾਸੀ ਡੱਬਵਾਲੀ ਢਾਬ ਸ੍ਰੀ ਮੁਕਤਸਰ ਸਾਹਿਬ ਮੈਨੇਜਰ ਐਨਬੀਐਫਸੀ ਬੈਂਕ ਬਰਾਂਚ ਰਾਏਕੋਟ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਐਨਬੀਐਫਸੀ ਸ਼ੁਭਲਕਸ਼ਮੀ ਬੈਂਕ ਬਰਾਂਚ ਰਾਏਕੋਟ ਵਿੱਚ ਏਰੀਆ ਮੈਨੇਜਰ ਹੈ। ਉਨ੍ਹਾਂ ਦੇ ਬੈਂਕ ਵਿਚ ਗੁਰਭੇਜ ਸਿੰਘ ਨਿਵਾਸੀ ਨਜ਼ਦੀਕ ਬਾਬਾ ਸ਼ਾਹ ਸਿਕੰਦਰ ਮਮਦੋਟ ਫਿਰੋਜ਼ਪੁਰ ਬੈਂਕ ਵਿੱਚ ਗਾਹਕਾਂ ਨੂੰ ਕਰਜ਼ੇ ਪਾਸ ਕਰਵਾਉਣ ਅਤੇ ਗਾਹਕਾਂ ਤੋਂ ਕਿਸ਼ਤਾਂ ਵਸੂਲਣ ਦੀ ਡਿਊਟੀ ਕਰਦਾ ਸੀ। ਗੁਰਭੇਜ ਸਿੰਘ ਨੇ ਗਾਹਕਾਂ ਨੂੰ ਵੱਧ ਕਰਜ਼ੇ ਦੀ ਰਕਮ ਦਵਾਉਣ ਦਾ ਝਾਂਸਾ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਪੁਰਾਣੇ ਲੋਨ ਨੂੰ ਬੰਦ ਕਰਵਾ ਕੇ ਚੱਲ ਰਹੇ ਲੋਨ ਦੀ ਬਕਾਇਆ ਰਕਮ ਬੈਂਕ ਵਿਚ ਜਮ੍ਹਾਂ ਕਰਵਾ ਦਿੰਦੇ ਹਨ ਤਾਂ ਉਹ ਉਨ੍ਹਾਂ ਨੂੰ ਵਧੇਰੇ ਲੋਨ ਪਾਸ ਕਰਵਾ ਦੇਵੇਗਾ। ਗੁਰਭੇਜ ਸਿੰਘ ਨੇ ਬੈਂਕ ਦੇ ਗ੍ਰਾਹਕਾਂ ਕ੍ਰਿਸ਼ਨਾ ਰਾਣੀ ਜਗਰਾਉਂ, ਮਨਦੀਪਰਾਜ ਅਤੇ ਕਰਮਜੀਤ ਕੌਰ ਵਾਸੀ ਜਗਰਾਉਂ ਅਤੇ ਹੋਰ ਗਾਹਕਾਂ ਤੋਂ ਕਰਜ਼ੇ ਦੀ ਰਕਮ ਬੈਂਕ ਵਿੱਚ ਜਮ੍ਹਾਂ ਕਰਵਾਉਣ ਦੇ ਨਾਂ ’ਤੇ ਪੈਸੇ ਲੈ ਲਏ ਪਰ ਬੈਂਕ ਵਿੱਚ ਜਮ੍ਹਾਂ ਨਹੀਂ ਕਰਵਾਏ। ਇਸ ਤਰ੍ਹਾਂ ਉਸ ਨੇ ਗਾਹਕਾਂ ਤੋਂ ਕਰੀਬ 5.50 ਲੱਖ ਰੁਪਏ ਲੈ ਲਏ। ਉਸ ਨੇ ਪੈਸੇ ਬੈਂਕ ਵਿੱਚ ਜਮ੍ਹਾਂ ਕਰਵਾਉਣ ਦੀ ਬਜਾਏ ਆਪਣੇ ਕੋਲ ਰੱਖ ਲਏ। ਜਦੋਂ ਬੈਂਕ ਦੇ ਮੈਨੇਜਰ ਨੂੰ ਪਤਾ ਲੱਗਾ ਤਾਂ ਪੁੱਛ ਗਿਛ ਕਰਨ ਤੇ ਉਹ ਆਪਣਾ ਸਾਮਾਨ ਲੈ ਕੇ ਚਲਾ ਗਿਆ ਅਤੇ ਹੁਣ ਉਨ੍ਹਾਂ ਨੂੰ ਕਿਸੇ ਅਣਪਛਾਤੇ ਮੋਬਾਈਲ ਫੋਨ ਤੋਂ ਧਮਕੀਆਂ ਦੇ ਰਿਹਾ ਹੈ। ਗੁਰਭੇਜ ਸਿੰਘ ਨੇ ਬੈਂਕ ਦੇ ਨਾਂ ’ਤੇ ਲੋਕਾਂ ਨਾਲ ਝੂਠ ਬੋਲ ਕੇ ਪੈਸੇ ਇਕੱਠੇ ਕਰਕੇ ਬੈਂਕ ਅਤੇ ਉਸਦੇ ਗਾਹਕਾਂ ਨਾਲ ਠੱਗੀ ਮਾਰੀ ਹੈ। ਵਿਪਨ ਸ਼ਰਮਾ ਦੀ ਸ਼ਿਕਾਇਤ ’ਤੇ ਗੁਰਭੇਜ ਸਿੰਘ ਵਾਸੀ ਬਾਬਾ ਸ਼ਾਹ ਸਿਕੰਦਰ ਮਮਦੋਟ ਫਿਰੋਜ਼ਪੁਰ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here