ਸੁਧਾਰ, 8 ਅਪ੍ਰੈਲ ( ਰੋਹਿਤ ਗੋਇਲ, ਸੰਜੀਵ ਕੁਮਾਰ )-ਥਾਣਾ ਸੁਧਾਰ ਦੀ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਪਿਸਤੌਲ .32 ਬੋਰ, ਜਿੰਦਾ ਕਾਰਤੂਸ ਅਤੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਪਿੰਡ ਬੋਪਾਰਾਏ ਕਲਾਂ ਤੋਂ ਬੁਡੈਲ ਚੌਕ ਸੁਧਾਰ ਵੱਲ ਚੈਕਿੰਗ ਲਈ ਜਾ ਰਹੇ ਸਨ। ਜਦੋਂ ਪੁਲੀਸ ਪਾਰਟੀ ਮੁੱਲਾਂਪੁਰ ਰਾਏਕੋਟ ਦੇ ਜੀ.ਟੀ.ਰੋਡ ਨੇੜੇ ਪੁੱਜੀ ਤਾਂ ਉੱਥੇ ਇੱਕ ਵੈਂਟੋ ਕਾਰ ਸੜਕ ਦੇ ਇੱਕ ਪਾਸੇ ਖੜ੍ਹੀ ਸੀ ਅਤੇ ਡਰਾਈਵਰ ਕਾਰ ਵਿੱਚ ਬੈਠਾ ਸੀ। ਸ਼ੱਕ ਦੇ ਆਧਾਰ ’ਤੇ ਉਸ ਦੀ ਕਾਰ ਦੀ ਜਾਂਚ ਕਰਨ ਲਈ ਅਸੀਂ ਆਪਣੀ ਗੱਡੀ ਨੂੰ ਉੱਥੇ ਰੋਕ ਲਿਆ। ਕਾਰ ਚਾਲਕ ਨੇ ਆਪਣਾ ਨਾਂ ਕਰਨਵੀਰ ਵਾਸੀ ਨਿਊ ਸ਼ਿਮਲਾਪੁਰੀ, ਪ੍ਰੀਤ ਨਗਰ, ਲੁਧਿਆਣਾ ਦੱਸਿਆ। ਉਸਦੀ ਕਾਰ ਦੀ ਤਲਾਸ਼ੀ ਲੈਣ ’ਤੇ ਗੱਡੀ ਦੇ ਡੈਸ਼ਬੋਰਡ ਤੋਂ 32 ਬੋਰ ਦਾ ਪਿਸਤੌਲ ਸਮੇਤ ਮੈਗਜੀਨ, 5 ਜਿੰਦਾ ਕਾਰਤੂਸ ਅਤੇ ਇਕ ਪਾਰਦਰਸ਼ੀ ਲਿਫਾਫਾ ਬਰਾਮਦ ਹੋਇਆ। ਲਿਫਾਫੇ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਕਰਨਵੀਰ ਸਿੰਘ ਆਪਣੇ ਕੋਲ ਰੱਖੇ ਪਿਸਤੌਲ ਅਤੇ ਕਾਰਤੂਸ ਦਾ ਲਾਇਸੈਂਸ ਜਾਂ ਕੋਈ ਹੋਰ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਇਸ ਸਬੰਧੀ ਕਕਨਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਥਾਣਾ ਸੁਧਾਰ ਵਿਖੇ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।